Friday, November 22, 2024
 

ਪੰਜਾਬ

ਪੰਜਾਬ covid-19 ਅਪਡੇਟ (15 ਜੂਨ )

June 15, 2020 09:51 PM

ਬੀ.ਐਸ.ਐਫ਼ ਦੇ 16 ਜਵਾਨਾ ਸਮੇਤ 22 ਲੋਕਾਂ ਦੀ ਰਿਪੋਰਟ ਪਾਜ਼ੇਟਿਵ

ਅਜਨਾਲਾ  : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਨਵੇਂ ਮਾਮਲੇ ਅਜਨਾਲਾ ਤੋਂ ਸਾਹਮਣੇ ਆਏ ਹਨ, ਜਿਥੇ BSF ਦੇ 16 ਜਵਾਨਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਨੂੰ ਲੈ ਕੇ ਸਿਹਤ ਵਿਭਾਗ 'ਚ ਤੜਥੱਲੀ ਮਚ ਗਈ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਵਲੋਂ ਇਨ੍ਹਾਂ ਜਵਾਨਾਂ ਨੂੰ ਜਲੰਧਰ ਦੇ ਸੈਂਟਰ 'ਚ ਦਾਖਲ ਕੀਤਾ ਗਿਆ ਹੈ। ਸਿਹਤ ਵਿਭਾਗ ਮੁਤਾਬਕ ਇਹ ਜਵਾਨ ਜਿਸ ਵੀ ਜ਼ਿਲੇ ਨਾਲ ਸਬੰਧਤ ਹੋਣਗੇ ਉਸ ਜ਼ਿਲ੍ਹੇ 'ਚ ਉਨ੍ਹਾਂ ਦੇ ਕੇਸ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 6 ਹੋਰ ਵਿਅਕਤੀਆਂ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।

ਇਕ ਹੋਰ ਵਿਅਕਤੀ ਨੇ ਤੋੜਿਆ ਦਮ

ਅੰਮ੍ਰਿਤਸਰ  : ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਜ਼ਿਲ੍ਹੇ 'ਚ ਐਤਵਾਰ ਦੇਰ ਰਾਤ ਨੂੰ ਇਕ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਫੈਜਪੁਰਾ ਵਾਸੀ ਜੋਗਿੰਦਰ ਸਿੰਘ (85) ਦੀ ਮੌਤ ਹੋ ਗਈ। ਮਰੀਜ਼ ਨੂੰ ਦੋ ਦਿਨ ਪਹਿਲਾਂ ਹੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।

ਤਰਨਤਾਰਨ ਪੁਲਸ ਦੇ ਇੱਕ ਸਬ ਇੰਸਪੈਕਟਰ ਨੂੰ ਵੀ ਹੋਇਆ ਕੋਰੋਨਾ ਵਾਇਰਸ

ਤਰਨਤਾਰਨ : ਜ਼ਿਲੇ ਅੰਦਰ ਅੱਜ ਇੱਕ ਹੋਰ ਨਵੇਂ ਕੋਰੋਨਾ ਪੀੜਤ ਦੀ ਪੁਸ਼ਟੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੋਰੋਨਾ ਪੀੜਤ 50 ਸਾਲਾਂ ਪੰਜਾਬ ਪੁਲਸ ਦਾ ਇਕ ਸਬ ਇੰਸਪੈਕਟਰ ਦੱਸਿਆ ਜਾ ਰਿਹਾ ਹੈ ।ਜਿਸ ਦੀ ਜ਼ਿਲ੍ਹਾ ਤਰਨਤਾਰਨ ਅਧੀਨ ਡਿਊਟੀ ਲੱਗੀ ਹੋਈ ਸੀ ਅਤੇ ਉਹ ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਘੱਲੂਘਾਰਾ ਦਿਵਸ ਮੌਕੇ ਡਿਊਟੀ ਤੇ ਤੈਨਾਤ ਸੀ। ਜ਼ਿਲ੍ਹੇ ਦੇ ਪਿੰਡ ਰਟੌਲ ਦਾ ਰਹਿਣ ਵਾਲਾ ਸਬ ਇੰਸਪੈਕਟਰ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕਰ ਲਿਆ ਗਿਆ ਹੈ।

ਜਲੰਧਰ  'ਚ 8 ਹੋਰ ਨਵੇਂ ਮਾਮਲੇ ਆਏ ਸਾਹਮਣੇ

ਜਲੰਧਰ  : ਜਲੰਧਰ 'ਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਕਹਿਰ ਵਰ੍ਹਾਅ ਰਿਹਾ ਹੈ। ਅੱਜ ਫਿਰ ਤੋਂ ਜਲੰਧਰ 'ਚ ਕੋਰੋਨਾ ਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਦੋ ਦੂਜਿਆਂ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ।  ਇਨ੍ਹਾਂ ਪਾਜ਼ੇਟਿਵ ਕੇਸਾਂ 'ਚ 4 ਪੁਲਸ ਕਾਮੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਹੁਣ ਤੱਕ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 348 ਤੱਕ ਪਹੁੰਚ ਗਈ ਹੈ। ਇਥੇ ਦੱਸ ਦੇਈਏ ਕਿ ਜਲੰਧਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਕੇਸਾਂ ਨਾਲ ਜਿੱਥੇ ਸਿਹਤ ਮਹਿਕਮਾ ਚਿੰਤਾ 'ਚ ਹੈ, ਉਥੇ ਹੀ ਲੋਕਾਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਜ ਦੇ ਮਿਲੇ ਕੇਸ ਕਿਹੜੇ ਇਲਾਕਿਆਂ ਨਾਲ ਸਬੰਧਤ ਹਨ।

ਦਸੂਹਾ  'ਚ  ASI ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਦਸੂਹਾ : ਹੁਸ਼ਿਆਰਪੁਰ 'ਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਦਸੂਹਾ ਦੇ ਪਿੰਡ ਵੱਡਾ ਟੇਰਕਿਆਣਾ 'ਚੋਂ ਏ. ਐੱਸ. ਆਈ. ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬਲਾਕ ਦਸੂਹਾ ਦੇ ਪਿੰਡ ਵੱਡਾ ਟੇਰਕਿਆਣਾ ਦੇ ਦਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਜੋ ਜਲੰਧਰ ਵਿਖੇ ਪੁਲਸ 'ਚ ASI.ਤੈਨਾਤ ਹੈ, ਟੈਸਟਿੰਗ ਦੌਰਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ।

ਕਪੂਰਥਲਾ  'ਚ 3 ਨਵੇਂ ਮਾਮਲੇ  ਆਏ ਸਾਹਮਣੇ

ਕਪੂਰਥਲਾ:  ਕਪੂਰਥਲਾ ਵਾਸੀਆਂ ਨੇ ਕੁਝ ਦਿਨ ਪਹਿਲਾਂ ਜ਼ਿਲੇ 'ਚ ਜੀਰੋ ਕੋਰੋਨਾ ਪਾਜ਼ੇਟਿਵ ਕੇਸ ਕਾਰਨ ਰਾਹਤ ਦਾ ਸਾਹ ਲਿਆ ਸੀ। ਹੁਣ ਫਿਰ ਤੋਂ ਕੋਰੋਨਾ ਮਹਾਮਾਰੀ ਨੇ ਇਸਨੂੰ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਜ਼ਿਲ੍ਹਾ ਕਪੂਰਥਲਾ 'ਚ ਤਿੰਨ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਲੋਕਾ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਕਪੂਰਥਲਾ ਦੇ ਮੁਹੱਲਾ ਨਰੋਤਮ ਵਿਹਾਰ 'ਚ ਇੱਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਨਾਲ ਲੱਗਦੇ ਇਲਾਕਾ ਨਿਵਾਸੀ ਡਰੇ ਤੇ ਸਹਿਮੇ ਹੋਏ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਕੋਰੋਨਾ ਪਾਜ਼ੇਟਿਵ ਇਸੇ ਏਰੀਆ ਦਾ ਹੀ ਸੀ।

ਪਟਿਆਲਾ 'ਚ 9 ਮਾਮਲੇ ਸਾਹਮਣੇ ਆਏ

ਪਟਿਆਲਾ:  9 ਹੋਰ ਵਿਅਕਤੀਆਂ ਦੀ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਉਪਰੰਤ ਪਟਿਆਲਾ ਜਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 171 ਤੱਕ ਪਹੁੰਚ ਗਈ ਹੈ । ਪਾਜ਼ੀਟਿਵ ਵਿਅਕਤੀਆਂ ਵਿਚੋਂ 4 ਸਮਾਣਾ , ਚਾਰ ਪਟਿਆਲਾ ਅਤੇ ਇਕ ਨਾਭਾ ਦਾ ਰਹਿਣ ਵਾਲਾ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ ।

ਜਲੰਧਰ ਦਾ ਥਾਣਾ ਨੰਬਰ 4 ਵੀ ਨਹੀਂ ਰਿਹਾ ਕਰੋਨਾ ਤੋਂ ਅਛੂਤਾ

ਜਲੰਧਰ : ਹੁਣ ਜਲੰਧਰ ਪੁਲਿਸ ਥਾਣੇ ਵੀ ਕਰੋਨਾ ਤੋਂ ਨਹੀਂ ਬਚ ਸਕੇ ਕਰੋਨਾ ਵਾਇਰਸ ਨੇ ਪੁਲਿਸ ਮੁਲਾਜਮਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਹੈ। ਜਿਸ ਨਾਲ ਜਲੰਧਰ ਦੀ ਸਾਰੀ ਪੁਲਿਸ ਹੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ ਕੱਲ ਦੇਰ ਰਾਤ ਜਲੰਧਰ  ਕਮਿਸ਼ਨਰੇਟ ਪੁਲਿਸ ਦੇ ਚਾਰ ਜਵਾਨਾਂ ਦੀ ਕੋਰੋਨਾ ਰਿਪੋਰਟ  ਪਾਜ਼ੀਟਿਵ ਆਈ ਸੀ , ਹੁਣ ਜਲੰਧਰ ਥਾਣਾ ਨੰਬਰ 4  ਵਿੱਚੋਂ ਦੋ ਮੁਲਾਜ਼ਮ  ਕੋਰੋਨਾ ਪਾਜ਼ੀਟਿਵ ਆਏ ਹਨ।  ਕੋਰੋਨਾ ਨੂੰ ਏਐਸਆਈ ਦੇਸਰਾਜ ਅਤੇ ਥਾਣੇ ਵਿੱਚ ਤਾਇਨਾਤ ਇੱਕ ਮੁਨਸ਼ੀ ਨਾਲ ਬੈਠੇ ਕੰਪਿਊਟਰ ਆਪਰੇਟਰ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਹੈ। ਜਿਸ ਕਾਰਨ ਸਾਰੇ  ਪੁਲਿਸ ਵਿਭਾਗ ਵਿੱਚ ਹਲਚਲ ਮਚ ਗਈ ਹੈ।  ਜਿਸ ਮੁਲਾਜ਼ਮ ਨੂੰ ਕਰੋਨਾ ਹੋਇਆ ਹੈ  ਉਹ ਬਹੁਤ ਸਾਰੇ ਲੋਕਾਂ ਵਿੱਚ ਆਪਣੀ ਡਿਊਟੀ  ਨਿਭਾ ਰਿਹਾ ਹੈ.  ਬਾਕੀ ਦੋ ਵੀ ਜਲੰਧਰ ਦੇ ਇਕ ਥਾਣੇ ਵਿਚ ਤਾਇਨਾਤ ਹਨ।


ਜੋਧਾ : ਲਾਗਲੇ ਪਿੰਡ ਮਨਸੂਰਾਂ ਵਿਖੇ 68 ਸਾਲਾ ਸਾਬਕਾ ਫ਼ੌਜੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਲਾਕੇ 'ਚ ਕੋਰੋਨਾ ਨਾਲ ਹੋਈ ਪਹਿਲੀ ਮੌਤ ਕਾਰਨ ਸਹਿਮ ਦਾ ਮਾਹੌਲ ਬਣ ਗਿਆ। ਸਰਪੰਚ ਓਮ ਪ੍ਰਕਾਸ਼ ਮਨਸੂਰਾਂ ਨੇ ਪੁਸ਼ਟੀ ਕਰਦਿਆਂ ਦੱਸਿਆਂ ਕਿ ਬੀਤੇ ਦਿਨ ਸਾਬਕਾ ਫ਼ੌਜੀ ਹਰਦੀਪ ਸਿੰਘ (68) ਨੂੰ ਸਾਹ ਲੈਣ 'ਚ ਤਕਲੀਫ਼ ਹੋਈ ਸੀ, ਜਿਸ ਨੂੰ ਇਲਾਜ ਲਈ DMC ਹਸਪਤਾਲ ਲਿਜਾਇਆ ਗਿਆ, ਜਿਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੇ ਹਰਕਤ 'ਚ ਆਉਂਦਿਆਂ ਪਿੰਡ ਮਨਸੂਰਾਂ ਦਾ ਹਰਦੀਪ ਸਿੰਘ ਫ਼ੌਜੀ ਦੇ ਘਰ ਵਾਲਾ ਇਲਾਕਾ ਸੀਲ ਕਰ ਦਿੱਤਾ ਅਤੇ ਸਿਹਤ ਵਿਭਾਗ ਵਿਭਾਗ ਵੱਲੋਂ ਪਰਿਵਾਰ ਮੈਂਬਰਾਂ ਸਮੇਤ 9 ਜਣਿਆਂ ਦੇ ਕੋਰੋਨਾ ਸੈਂਪਲ ਲਏ ਗਏ।

 

Readers' Comments

marina 6/15/2020 9:58:28 PM

downhearted

Have something to say? Post your comment

 
 
 
 
 
Subscribe