ਨਵੀਂ ਦਿੱਲੀ : ਕੋਰੋਨਾ ਵਾਇਰਸ ਕੌਮਾਂਤਰੀ ਮਹਾਂਮਾਰੀ ਦੌਰਾਨ ਲੋਕਾਂ ਵਲੋਂ ਆਵਾਜਾਈ ਦੀਆਂ ਨਿਜੀ ਗੱਡੀਆਂ ਦੇ ਪ੍ਰਯੋਗ ਨੂੰ ਪਹਿਲ ਦਿਤੇ ਜਾਣ ਦੇ ਮੱਦੇਨਜ਼ਰ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ ਸੂਬਿਆਂ ਨੂੰ ਸਲਾਹ ਦਿਤੀ ਹੈ ਕਿ ਉਹ ਲਾਗ ਨੂੰ ਰੋਕਣ ਲਈ ਸਾਈਕਲ ਵਰਗੇ ਗ਼ੈਰ-ਮੋਟਰਚਾਲਿਤ ਗੱਡੀਆਂ ਨੂੰ ਉਤਸ਼ਾਹਿਤ ਕਰਨ। ਮੰਤਰਾਲੇ ਨੇ ਸੂਬਿਆਂ ਨੂੰ ਜਨਤਕ ਆਵਾਜਾਈ ਪ੍ਰਣਾਲੀ 'ਚ ਨਕਦੀ ਰਹਿਤ ਤਕਨੀਕ ਲਾਗੂ ਕਰਨ ਨੂੰ ਵੀ ਕਿਹਾ ਹੈ।
ਮੰਤਰਾਲੇ ਨੇ ਕੋਰੋਨਾ ਵਾਇਰਸ ਸੰਕਟ ਵਿਚਕਾਰ ਗ਼ੈਰ-ਮੋਟਰ ਚਾਲਿਤ ਆਵਾਜਾਈ ਵਾਲੇ ਦੁਨੀਆਂ ਦੇ ਸ਼ਹਿਰਾਂ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਅਮਰੀਕਾ ਦੇ ਨਿਊਯਾਰਕ ਨੇ ਸਾਈਕਲ ਚਾਲਕਾਂ ਲਈ 40 ਮੀਲ ਲੰਮੇ ਨਵੇਂ ਮਾਰਗ ਮੁਹੱਈਆ ਕਰਵਾਏ ਹਨ ਅਤੇ ਆਕਲੈਂਡ ਨੇ ਅਪਣੀ 10 ਫ਼ੀ ਸਦੀ ਗਲੀਆਂ ਨੂੰ ਮੋਟਰ ਗੱਡੀਆਂ ਲਈ ਬੰਦ ਕਰ ਦਿਤਾ ਹੈ। ਕੋਲੰਬੀਆ ਦੇ ਬੋਗੋਟਾ ਨੇ ਇਕ ਰਾਤ 'ਚ ਹੀ 76 ਕਿਲੋਮੀਟਰ ਨਵੇਂ ਸਾਈਕਲ ਮਾਰਗਾਂ ਦਾ ਪ੍ਰਬੰਧ ਕਰ ਦਿਤਾ। ਮੰਤਰਾਲੇ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਸੂਬਿਆਂ ਅਤੇ ਮੈਟਰੋ ਰੇਲ ਕੰਪਨੀਆਂ ਨੂੰ ਸਲਾਹ ਜਾਰੀ ਕਰਦਿਆਂ ਕਿਹਾ ਕਿ ਗ਼ੈਰ-ਮੋਟਰਚਾਲਿਤ ਗੱਡੀਆਂ ਨੂੰ ਦੇਸ਼ ਅੰਦਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਜਾਰੀ ਸਲਾਹ 'ਚ ਕਿਹਾ ਗਿਆ ਹੈ ਕਿ ਸ਼ਹਿਰਾਂ 'ਚ ਲੋਕਾਂ ਨੂੰ ਵੱਧ ਤੋਂ ਵੱਧ ਪੰਜ ਕਿਲੋਮੀਟਰ ਤਕ ਦਾ ਸਫ਼ਰ ਕਰਨਾ ਹੁੰਦਾ ਹੈ। ਅਜਿਹੇ 'ਚ ਕੋਰੋਨਾ ਸੰਕਟ ਵਿਚਕਾਰ ਗੈਰ-ਮੋਟਰਚਾਲਿਤ ਆਵਾਜਾਈ ਨੂੰ ਲਾਗੂ ਕਰਨ ਦਾ ਸਹੀ ਮੌਕਾ ਹੈ ਕਿਉਂਕਿ ਇਸ ਲਈ ਘੱਟ ਲਾਗਤ ਅਤੇ ਘੱਟ ਮਨੁੱਖੀ ਸਰੋਤਾਂ ਦੀ ਜ਼ਰੂਰਤ ਹੈ। ਇਸ ਨੂੰ ਚਲਾਉਣਾ ਆਸਾਨ ਹੈ ਅਤੇ ਇਹ ਵਾਤਾਵਰਣ ਦੇ ਅਨੁਕੂਲ ਹੈ।''