ਕਾਠਮੰਡੂ : ਨੇਪਾਲ ਦੀ ਸੰਸਦ ਨੇ ਸਨਿਚਰਵਾਰ ਨੂੰ ਦੇਸ਼ ਦੇ ਰਾਜਨੀਤਕ ਨਕਸ਼ੇ 'ਚ ਸੋਧ ਕਰ ਕੇ ਸੰਵਿਧਾਨ 'ਚ ਤਬਦੀਲੀ ਨਾਲ ਜੁੜੇ ਇਕ ਬਿੱਲ 'ਤੇ ਸਰਬਸੰਮਤੀ ਨਾਲ ਅਪਣੀ ਮੋਹਰ ਲਾ ਦਿਤੀ ਹੈ। ਸੋਧੇ ਗਏ ਨਕਸ਼ੇ 'ਚ ਭਾਰਤ ਦੀ ਸਰਹੱਦ ਨਾਲ ਲੱਗੇ ਰਣਨੀਤਕ ਰੂਪ 'ਚ ਮਹੱਤਵਪੂਰਨ ਲਿਪੁਲੇਖ, ਕਾਲਾਪਾਨੀ ਅਤੇ ਸਿੰਪਿਆਧੁਰਾ ਇਲਾਕਿਆਂ 'ਤੇ ਦਾਅਵਾ ਕੀਤਾ ਗਿਆ ਹੈ। ਭਾਰਤ ਇਨ੍ਹਾਂ ਤਿੰਨ ਇਲਾਕਿਆਂ ਨੂੰ ਅਪਣਾ ਦਸਦਾ ਰਿਹਾ ਹੈ।
ਨਵੇਂ ਨਕਸ਼ੇ 'ਚ ਭਾਰਤ ਦੀ ਸਰਹੱਦ ਨਾਲ ਲੱਗੇ ਤਿੰਨ ਇਲਾਕਿਆਂ 'ਤੇ ਕੀਤਾ ਦਾਅਵਾ
|
ਨੇਪਾਲੀ ਕਾਂਗਰਸ, ਰਾਸ਼ਟਰੀ ਜਨਤਾ ਪਾਰਟੀ-ਨੇਪਾਲ ਅਤੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਸਮੇਤ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਨਵੇਂ ਵਿਵਾਦਤ ਨਕਸ਼ੇ ਨੂੰ ਸ਼ਾਮਲ ਕਰਦਿਆਂ ਰਾਸ਼ਟਰੀ ਪ੍ਰਤੀਕ ਨੂੰ ਸੋਧਣ ਲਈ ਸੰਵਿਧਾਨ ਦੀ ਤੀਜੀ ਸੂਚੀ ਨੂੰ ਸੋਧ ਕਰਨ ਬਾਬਤ ਸਰਕਾਰੀ ਬਿੱਲ ਦੇ ਹੱਕ 'ਚ ਵੋਟ ਦਿਤੀ। ਦੇਸ਼ ਦੇ 275 ਮੈਂਬਰਾਂ ਵਾਲੇ ਸਦਨ 'ਚ ਬਿੱਲ ਨੂੰ ਪਾਸ ਕਰਨ ਲਈ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਹੁੰਦੀ ਹੈ। ਸੰਸਦ ਨੇ 9 ਜੂਨ ਨੂੰ ਆਮ ਸਹਿਮਤੀ ਨਾਲ ਇਸ ਬਿੱਲ ਦੇ ਮਤੇ 'ਤੇ ਵਿਚਾਰ ਕਰਨ ਲਈ ਸਹਿਮਤੀ ਪ੍ਰਗਟਾਈ ਸੀ ਜਿਸ 'ਚ ਨਵੇਂ ਨਕਸ਼ੇ ਨੂੰ ਮਨਜ਼ੂਰ ਕੀਤੇ ਜਾਣ ਦਾ ਰਸਤਾ ਸਾਫ਼ ਹੋਇਆ। ਬਿੱਲ ਨੂੰ ਨੈਸ਼ਨਲ ਅਸੈਂਬਲੀ 'ਚ ਭੇਜਿਆ ਜਾਵੇਗਾ ਜਿੱਥੇ ਉਸ ਨੂੰ ਇਕ ਵਾਰੀ ਫਿਰ ਇਸੇ ਪ੍ਰਕਿਰਿਆ 'ਚੋਂ ਹੋ ਕੇ ਲੰਘਣਾ ਪਵੇਗਾ। ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਕੋਲ ਨੈਸ਼ਨਲ ਅਸੈਂਬਲੀ 'ਚ ਦੋ ਤਿਹਾਈ ਬਹੁਮਤ ਹੈ। ਭਾਰਤ ਅਤੇ ਨੇਪਾਲ ਵਿਚਕਾਰ ਰਿਸ਼ਤਿਆਂ 'ਚ ਉਸ ਵੇਲੇ ਤਣਾਅ ਦਿਸਿਆ ਜਦੋਂ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਠ ਮਈ ਨੂੰ ਉੱਤਰਾਖੰਡ 'ਚ ਲਿਪੁਲੇਖ ਦੱਰੇ ਨੂੰ ਧਾਰਚੁਲਾ ਨਾਲ ਜੋੜਨ ਵਾਲੀ ਰਣਨੀਤਕ ਰੂਪ ਨਾਲ ਮਹੱਤਵਪੂਰਨ 80 ਕਿਲੋਮੀਟਰ ਲੰਮੀ ਸੜਕ ਦਾ ਉਦਘਾਟਨ ਕੀਤਾ। ਨੇਪਾਲ ਨੇ ਇਸ ਸੜਕ ਦੇ ਉਦਘਾਟਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦਾਅਵਾ ਕੀਤਾ ਕਿ ਇਹ ਸੜਕ ਨੇਪਾਲੀ ਖੇਤਰ 'ਚੋਂ ਹੋ ਕੇ ਲੰਘਦੀ ਹੈ। ਭਾਰਤ ਨੇ ਨੇਪਾਲ ਦੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਦੁਹਰਾਇਆ ਹੈ ਕਿ ਇਹ ਸੜਕ ਪੂਰੀ ਤਰ੍ਹਾਂ ਉਸ ਦੇ ਇਲਾਕੇ 'ਚ ਸਥਿਤ ਹੈ।