Friday, November 22, 2024
 

ਪੰਜਾਬ

ਪੰਜਾਬ covid-19 ਅਪਡੇਟ (12 ਜੂਨ)

June 12, 2020 10:21 PM

ਸੰਗਰੂਰ 'ਚ ਕੋਰੋਨਾ ਕਾਰਨ ਦੂਜੀ ਮੌਤ

ਸੰਗਰੂਰ : ਕੋਰੋਨਾ ਵਾਇਰਸ ਕਾਰਨ ਸੰਗਰੂਰ ਜ਼ਿਲ੍ਹੇ 'ਚ ਦੂਜੀ ਮੌਤ ਹੋਈ ਹੈ। ਮ੍ਰਿਤਕ ਮਹਿਲਾ ਬਿਮਲਾ ਦੇਵੀ ਜੋ ਕਿ ਮਲੇਰਕੋਟਲਾ ਨਾਲ ਸਬੰਧਤ ਸੀ ਤੇ ਕੋਰੋਨਾ ਵਾਇਰਸ ਨਾਲ ਪੀੜਤ ਸੀ, ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਸੀ।

ਅੰਮ੍ਰਿਤਸਰ 'ਚ ਕੋਰੋਨਾ ਦੇ 36 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਲਾਗ ਦੀ ਬਿਮਾਰੀ ਲਗਾਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਸ਼ੁਕਰਵਾਰ ਨੂੰ ਜ਼ਿਲ੍ਹੇ ਵਿਚ ਸਵਾ ਸਾਲ ਦੇ ਬੱਚੇ ਤੋਂ ਇਲਾਵਾ 36 ਹੋਰ ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਮਰੀਜ਼ਾਂ ਦਾ ਅੰਕੜਾ ਵੱਧ ਕੇ 578 ਹੋ ਗਿਆ ਹੈ। ਇਨ੍ਹਾਂ ਵਿਚੋਂ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 390 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਹੁਣ 173 ਮਰੀਜ਼ ਅਜੇ ਵੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਇਹ ਪਹਿਲਾ ਮੌਕਾ ਹੈ ਜਦੋਂ ਇਕੋ ਸਮੇਂ ਜ਼ਿਲ੍ਹੇ ਵਿਚ ਇੰਨੀ ਵੱਡੀ ਗਿਣਤੀ 'ਚ ਮਰੀਜ਼ ਸਾਹਮਣੇ ਆਏ ਹੋਣ। ਅੰਮ੍ਰਿਤਸਰ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਕਾਰਨ ਲੋਕਾਂ ਵਿਚ ਭਾਰੀ ਡਰ ਦਾ ਮਾਹੌਲ ਹੈ। ਦੂਜੇ ਪਾਸੇ ਅੰਮ੍ਰਿਤਸਰ ਪ੍ਰਸ਼ਾਸਨ ਨੇ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸ਼ਨੀਵਾਰ ਅਤੇ ਐਤਵਾਰ ਨੂੰ ਜ਼ਿਲ੍ਹੇ ਵਿਚ ਲਾਕਡਾਊਨ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿਤੇ ਹਨ। ਇਸ ਦੇ ਨਾਲ ਪ੍ਰਸ਼ਾਸਨ ਵਲੋਂ ਬਾਜ਼ਾਰ ਅਤੇ ਦੁਕਾਨਾਂ ਵੀ ਬੰਦ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।

ਫ਼ਾਜ਼ਿਲਕਾ 'ਚ ਕੋਰੋਨਾ ਦੇ ਦੋ ਪਾਜ਼ੇਟਿਵ ਮਾਮਲੇ ਆਏ

ਜਲਾਲਾਬਾਦ, 12 ਜੂਨ (ਪਪ) : ਫ਼ਾਜ਼ਿਲਕਾ ਜ਼ਿਲ੍ਹੇ ਤੋਂ ਭੇਜੇ ਗਏ ਕੋਰੋਨਾ ਟੈਸਟ ਦੇ ਨਮੂਨਿਆਂ ਦੀ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ 2 ਹੋਰ ਕੇਸਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਦੋ ਕੇਸ ਪਾਜ਼ੇਟਿਵ ਆਉਣ ਕਾਰਨ ਮੁੜ ਹੁਣ ਜ਼ਿਲ੍ਹੇ 'ਚ 4 ਤੋਂ 6 ਕੋਰੋਨਾ ਮਾਮਲੇ ਸਰਗਰਮ ਹੋ ਗਏ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦਿਤੀ। ਸਿਵਲ ਸਰਜਨ ਨੇ ਦਸਿਆ ਕਿ ਪਾਜ਼ੇਟਿਵ ਆਉਣ ਵਾਲੀ ਇਕ ਔਰਤ ਦੀ ਉਮਰ ਲਗਭਗ 26 ਸਾਲ ਅਤੇ ਦੂਜੇ ਵਿਅਕਤੀ ਦੀ ਉਮਰ ਕਰੀਬ 40 ਸਾਲ ਹੈ। ਉਨ੍ਹਾਂ ਦਸਿਆ ਕਿ ਔਰਤ 7 ਜੂਨ ਨੂੰ ਗੁੜਗਾਉਂ ਤੋਂ ਆਈ ਸੀ, ਜਿਸ ਦੇ 9 ਜੂਨ ਨੂੰ ਨਮੂਨੇ ਟੈਸਟ ਲਈ ਭੇਜੇ ਗਏ ਸਨ। ਉਕਤ ਔਰਤ ਦੇ ਸੰਪਰਕ 'ਚ ਆਏ 7 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਨਮੂਨੇ ਲਏ ਜਾ ਰਹੇ ਹਨ। ਦੂਜਾ ਪਾਜ਼ੇਟਿਵ ਆਉਣ ਵਾਲਾ ਅਬੋਹਰ ਦੀ ਸੁਭਾਸ਼ ਨਗਰੀ ਦਾ ਰਹਿਣ ਵਾਲਾ ਹੈ। ਦੋਵਾਂ ਨੂੰ ਜਲਾਲਾਬਾਦ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰ ਦਿਤਾ ਗਿਆ ਹੈ।

ਮੋਹਾਲੀ 'ਚ 3 ਨਵੇਂ ਪੀੜਤਾਂ ਦੀ ਪੁਸ਼ਟੀ

ਮੋਹਾਲੀ : ਜ਼ਿਲ੍ਹਾ ਮੋਹਾਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ੁਕਰਵਾਰ ਨੂੰ ਜ਼ਿਲ੍ਹੇ 'ਚ ਤਿੰਨ ਨਵੇਂ ਮਰੀਜ਼ਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਦੋ ਨਵੇਂ ਮਰੀਜ਼ਾਂ 'ਚ ਜ਼ੀਰਕਪੁਰ ਦੀ ਰਹਿਣ ਵਾਲੀ 68 ਸਾਲਾ ਜਨਾਨੀ ਅਤੇ 40 ਸਾਲਾ ਵਿਅਕਤੀ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦਕਿ ਤੀਜਾ ਮਰੀਜ਼ ਮੁੱਲਾਂਪੁਰ ਦੇ ਪਿੰਡ ਤੋਗਾਂ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਮੋਹਾਲੀ ਜ਼ਿਲ੍ਹੇ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 146 ਤਕ ਪਹੁੰਚ ਗਈ ਹੈ।

ਰੂਪਨਗਰ 'ਚ 4 ਹੋਰ ਨਵੇਂ ਕੇਸਾਂ ਦੀ ਹੋਈ ਪੁਸ਼ਟੀ

ਰੂਪਨਗਰ : ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਦੇ 4 ਨਵੇਂ ਕੇਸ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ। 3 ਨਵੇਂ ਕੇਸ ਪਿੰਡ ਤਲਵਾੜਾ ਤਹਿਸੀਲ ਨੰਗਲ ਦੇ ਹਨ ਅਤੇ ਇਨ੍ਹਾਂ ਦੀ ਉਮਰ 21 ਸਾਲ, 18 ਸਾਲ ਅਤੇ 54 ਸਾਲ ਸਾਰੇ ਪੁਰਸ਼ ਹਨ। ਇਨ੍ਹਾਂ ਨੇ ਮੁੱਖ ਮਰੀਜ਼ ਨਾਲ ਪਿੰਡ ਮਾਂਗੇਵਾਲ ਤਹਿ. ਸ੍ਰੀ ਅਨੰਦਪੁਰ ਸਾਹਿਬ ਜਿਸ ਦੀ ਉਮਰ 55 ਸਾਲ ਮਹਿਲਾ ਮਰੀਜ਼ ਹੈ, ਨਾਲ ਰਿਹਾਇਸ਼ ਸਾਂਝੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦਸਿਆ ਕਿ ਹੁਣ ਤਕ ਜ਼ਿਲ੍ਹੇ 'ਚ 6009 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ। ਜਿਨ੍ਹਾਂ 'ਚੋਂ 5233 ਕੇਸ ਨੈਗੇਟਿਵ ਪਾਏ ਗਏ ਜਦਕਿ 694 ਲੋਕਾਂ ਦੀ ਰਿਪੋਰਟ ਪੈਂਡਿੰਗ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਸਕ ਪਾਉਣ ਅਤੇ ਹੋਰ ਸਰਕਾਰੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤਾਂ ਜੋ ਜ਼ਿਲ੍ਹੇ 'ਚ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਜਲੰਧਰ 'ਚ ਸਿਹਤ ਕਾਮੇ ਸਣੇ ਦੋ ਹੋਰ ਆਏ ਪਾਜ਼ੇਟਿਵ

ਜਲੰਧਰ : ਕਈ ਦਿਨਾਂ ਤੋਂ ਜ਼ਿਲ੍ਹੇ ਵਿਚ ਜਾਰੀ ਕੋਰੋਨਾ ਲਾਗ ਦੀ ਬਿਮਾਰੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਲਮ ਇਹ ਹੈ ਕਿ ਹੁਣ ਸਿਹਤ ਕਾਮੇ ਵੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਉਣੇ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਨ ਵਾਲੇ ਐਕਸਰੇਅ ਟੈਕਨੀਸ਼ੀਅਨ ਸਣੇ ਦੋ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਇਕ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਇਸ ਤਰ੍ਹਾਂ ਜ਼ਿਲ੍ਹੇ ਵਿਚ ਸ਼ੁੱਕਰਵਾਰ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਾਮਲੇ ਰਿਪੋਰਟ ਕੀਤੇ ਹੋਏ ਹਨ।

ਫ਼ਿਰੋਜ਼ਪੁਰ 'ਚ ਮਿਲਿਆ ਕੋਰੋਨਾ ਦਾ ਇਕ ਪੀੜਤ

ਫ਼ਿਰੋਜ਼ਪੁਰ : ਕੋਰੋਨਾ ਵਾਇਰਸ ਦੀ ਬੀਮਾਰੀ ਦਿਨ-ਬ-ਦਿਨ ਅਪਣੇ ਪੈਰ ਛੇਤੀ ਨਾਲ ਪਸਾਰ ਰਹੀ ਹੈ ਭਾਵੇਂ ਸਰਕਾਰ ਵਲੋਂ ਇਸ ਤੋਂ ਬਚਣ ਲਈ ਮਾਸਕ ਪਾਉਣਾ ਅਤੇ ਸਮਾਜਕ ਦੂਰੀ ਰੱਖਣ ਲਈ ਸਖ਼ਤ ਉਪਰਾਲੇ ਕਰਨ ਉਪਰੰਤ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਗਰੀਨ ਜ਼ੋਨ 'ਚ ਸ਼ਾਮਲ ਕਰ ਦਿਤਾ ਗਿਆ ਸੀ ਪੁਰ ਹੁਣ ਫ਼ਿਰੋਜ਼ਪੁਰ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਜਲੰਧਰ ਕਲੋਨੀ ਰਾਮ ਲਾਲ ਨਗਰ ਫ਼ਿਰੋਜ਼ਪੁਰ ਸ਼ਹਿਰ ਦਾ 35 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਇਹ ਵਿਅਕਤੀ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਗਿਆ ਸੀ ਜਦੋਂ ਇਹ ਵਿਅਕਤੀ ਚੰਡੀਗੜ੍ਹ ਤੋਂ ਵਾਪਸ ਆਇਆ ਤਾਂ ਇਸ ਨੂੰ ਬੁਖਾਰ ਅਤੇ ਖਾਂਸੀ ਦੀ ਤਕਲੀਫ਼ ਸ਼ੂਰੂ ਹੋਈ ਤਾਂ ਇਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਇਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਜੋ ਇਲਾਜ ਅਧੀਨ ਹੈ।

ਪਠਾਨਕੋਟ 'ਚ ਛੇ ਦੀ ਕੋਰੋਨਾ ਰੀਪੋਰਟ ਆਈ ਪਾਜ਼ੇਟਿਵ

ਪਠਾਨਕੋਟ : ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਰਿਹਾ ਹੈ। ਸਿਹਤ ਵਿਭਾਗ ਪਠਾਨਕੋਟ ਨੂੰ ਅੱਜ ਕੋਰੋਨਾ ਦੀਆਂ 178 ਰਿਪੋਰਟਾਂ ਪ੍ਰਾਪਤ ਹੋਈਆਂ ਜਿਨ੍ਹਾਂ 'ਚ ਪੁਲਿਸ ਮੁਲਾਜ਼ਮ ਸਮੇਤ ਛੇ ਹੋਰ ਵਿਅਕਤੀਆਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਅਤੇ 172 ਵਿਅਕਤੀਆਂ ਦੀ ਰੀਪੋਰਟ ਨੈਗੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਵਿਨੋਦ ਸਰੀਨ ਅਤੇ ਐਸ.ਐਮ.ਓ ਡਾ ਭੁਪਿੰਦਰ ਸਿੰਘ ਨੇ ਕੀਤੀ ਹੈ।

 

Have something to say? Post your comment

 
 
 
 
 
Subscribe