ਨਵੀਂ ਦਿੱਲੀ : ਦਿੱਲੀ ਪੁਲਿਸ ਤਬਲੀਗ਼ੀ ਜਮਾਤ ਦੇ ਮੁਖੀ ਮੌਲਾਨਾ ਸਾਦ ਦੀ ਤਲਾਸ਼ ਕਰ ਰਹੀ ਹੈ ਪਰ ਹਾਲੇ ਤਕ ਉਸ ਨੂੰ ਸਫ਼ਲਤਾ ਨਹੀਂ ਮਿਲੀ ਹੈ। ਇਸ ਦੌਰਾਨ ਮੌਲਾਨਾ ਸਾਦ ਅੱਜ ਦਿੱਲੀ ਦੀ ਇਕ ਮਸੀਤ 'ਚ ਨਜ਼ਰ ਆਇਆ। ਦਿੱਲੀ ਦੇ ਜ਼ਾਕਿਰ ਨਗਰ ਵੈਸਟ ਇਲਾਕੇ 'ਚ ਅਬੂ ਬਕਰ ਮਸੀਤ 'ਚ ਮੌਲਾਨਾ ਸਾਦ ਨੇ ਜੁੰਮੇ ਦੀ ਨਮਾਜ਼ ਅਦਾ ਕੀਤੀ। ਉਹ ਦੁਪਹਿਰ ਦੇ ਸਮੇਂ ਮਸੀਤ 'ਚ ਆਇਆ ਅਤੇ ਥੋੜ੍ਹੀ ਦੇਰ ਰੁਕ ਕੇ ਵਾਪਸ ਚਲਾ ਗਿਆ। ਮੌਲਾਨਾ ਸਾਦ ਵਿਰੁਧ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ 'ਚ ਸਥਿਤ ਤਬਲੀਗੀ ਜਮਾਤ ਦੇ ਮਰਕਜ਼ 'ਚ ਨਿਯਮਾਂ ਦੀ ਉਲੰਘਣਾ ਕਰ ਭੀੜ ਇਕੱਠਾ ਕਰਣ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ ਤਬਲੀਗ਼ੀ ਜਮਾਤ ਦੇ ਮਰਕਜ਼ 'ਚ ਮਾਰਚ ਦੇ ਮਹੀਨੇ ਜਲਸੇ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ 'ਚ ਕਾਫ਼ੀ ਗਿਣਤੀ 'ਚ ਲੋਕ ਸ਼ਾਮਲ ਹੋਏ ਸਨ। ਇਸ ਪ੍ਰਬੰਧ 'ਚ ਵਿਦੇਸ਼ ਤੋਂ ਆਏ ਕਈ ਜਮਾਤੀ ਵੀ ਸ਼ਾਮਲ ਹੋਏ ਸਨ। ਤੇਲੰਗਾਨਾ ਤੋਂ ਲੈ ਕੇ ਯੂਪੀ ਤਕ ਸਾਰੇ ਸੂਬਿਆਂ 'ਚ ਕਈ ਮਸੀਤਾਂ ਤੋਂ ਕਈ ਵਿਦੇਸ਼ੀ ਫੜੇ ਗਏ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਟੂਰਿਸਟ ਵੀਜ਼ੇ 'ਤੇ ਭਾਰਤ ਆਏ ਸਨ। ਕਈ ਸੂਬਿਆਂ ਦੀ ਸਰਕਾਰ ਕੋਰੋਨਾ ਮਾਮਲੇ ਵਧਣ ਲਈ ਤਬਲੀਗ਼ੀ ਜਮਾਤ ਦੇ ਮਰਕਜ਼ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਸੀ। ਮਰਕਜ਼ 'ਚ ਹੋਏ ਪ੍ਰੋਗਰਾਮ 'ਚ ਇਕੱਠੀ ਭੀੜ ਤੋਂ ਫੈਲੇ ਕੋਰੋਨਾ ਨੂੰ ਲੈ ਕੇ ਮੌਲਾਨਾ ਸਾਦ ਸਮੇਤ 6 ਲੋਕਾਂ ਵਿਰੁਧ ਦਿੱਲੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ। ਹਾਲਾਂਕਿ ਮੌਲਾਨਾ ਸਾਦ ਹਾਲੇ ਤਕ ਫ਼ਰਾਰ ਹੈ।