ਫ਼ਿਰੋਜ਼ਪੁਰ : ਕੈਪਟਨ ਸਰਕਾਰ ਨੇ ਪੰਜਾਬ ਪੁਲਿਸ ਦੇ ਢਾਂਚੇ 'ਚ ਭੰਨਤੋੜ ਕਰਦਿਆਂ ਫ਼ਰੀਦਕੋਟ 'ਚ ਨਵੀਂ ਪੁਲਿਸ ਰੇਂਜ ਦਾ ਗਠਨ ਕੀਤਾ ਹੈ। ਇਸ ਨਵੀਂ ਰੇਂਜ ਨੂੰ ਬਣਾਉਣ ਲਈ ਬਠਿੰਡਾ, ਫ਼ਿਰੋਜ਼ਪੁਰ ਤੇ ਬਾਰਡਰ ਰੇਂਜ ਦੇ ਇਲਾਕਿਆਂ 'ਚ ਅਦਲਾ-ਬਦਲੀ ਕਰਨੀ ਪਈ ਹੈ। ਫ਼ਰੀਦਕੋਟ 'ਚ ਨਵੀਂ ਰੇਂਜ ਬਣਨ ਕਾਰਨ ਕਰੀਬ ਡੇਢ ਦਹਾਕਾ ਪਹਿਲਾਂ ਇਸ ਹਲਕੇ ਦੇ ਰਿਜ਼ਰਵ ਹੋਣ ਤੋਂ ਬਾਅਦ ਮੱਧਮ ਪਈ ਇਸ ਦੀ ਸਿਆਸੀ 'ਚਮਕ' ਨੂੰ ਹੁਣ ਮੁੜ ਕਾਂਗਰਸ ਸਰਕਾਰ ਨੇ ਠੁੰਮਣਾ ਦਿਤਾ ਹੈ। ਉਂਜ ਕਿਸੇ ਸਮੇਂ ਪਹਿਲਾਂ ਵੀ ਫ਼ਰੀਦਕੋਟ ਪੁਲਿਸ ਰੇਂਜ ਰਿਹਾ ਹੈ ਪ੍ਰੰਤੂ ਪਿਛਲੀ ਕੈਪਟਨ ਹਕੂਮਤ ਦੌਰਾਨ ਹੀ ਇਸ ਨੂੰ ਤੋੜ ਕੇ ਬਠਿੰਡਾ ਰੇਂਜ ਬਣਾਈ ਸੀ। ਇਸੇ ਤਰ੍ਹਾਂ ਉਕਤ ਸਰਕਾਰ ਸਮੇਂ ਹੀ ਫ਼ਿਰੋਜ਼ਪੁਰ ਜ਼ੋਨ ਨੂੰ ਵੀ ਬਠਿੰਡਾ ਲਿਜਾਇਆ ਗਿਆ ਸੀ। ਜਿਸ ਤੋਂ ਬਾਅਦ ਪਿਛਲੀ ਅਕਾਲੀ ਸਰਕਾਰ ਸਮੇਂ ਫ਼ਰੀਦਕੋਟ ਤੋਂ ਕਮਿਸ਼ਰਨੇਟ ਦਫ਼ਤਰ ਨੂੰ ਵੀ ਚੁੱਕ ਕੇ ਬਠਿੰਡਾ ਲਿਆਉਣ ਦੀ ਯੋਜਨਾ ਬਣਦੀ ਰਹੀ ਹੈ ਪ੍ਰੰਤੂ ਫ਼ਰੀਦਕੋਟ ਦੇ ਵਕੀਲਾਂ ਦੇ ਸਖ਼ਤ ਵਿਰੋਧ ਕਾਰਨ ਇਹ ਸਿਰੇ ਨਹੀਂ ਚੜ੍ਹ ਸਕੀ ਸੀ। ਉਧਰ ਇਸ ਨਵੀਂ ਰੇਂਜ ਦੇ ਹੋਂਦ ਵਿਚ ਆਉਣ ਤੋਂ ਬਾਅਦ ਹੁਣ ਦੱਖਣੀ ਮਾਲਵਾ ਦੀਆਂ ਤਿੰਨ ਪੁਲਿਸ ਰੇਂਜਾਂ ਸਹਿਤ ਪੰਜਾਬ ਵਿਚ ਪੁਲਿਸ ਦੀਆਂ ਕੁਲ ਅੱਠ ਰੇਂਜਾਂ ਹੋ ਗਈਆਂ ਹਨ। ਨਵੀਂ ਬਣੀ ਫ਼ਰੀਦਕੋਟ ਰੇਂਜ 'ਚ ਫ਼ਿਰੋਜ਼ਪੁਰ ਰੇਂਜ ਨਾਲੋਂ ਫ਼ਰੀਦਕੋਟ ਤੇ ਮੋਗਾ ਅਤੇ ਬਠਿੰਡਾ ਰੇਂਜ ਨਾਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਤੋੜ ਕੇ ਜੋੜਿਆ ਗਿਆ ਹੈ।
ਬਾਰਡਰ, ਫ਼ਿਰੋਜਪੁਰ ਤੇ ਬਠਿੰਡਾ ਰੇਂਜ ਨੂੰ ਤੋੜ ਕੇ ਬਣਾਈ ਫ਼ਰੀਦਕੋਟ ਰੇਂਜ
ਇਸ ਤੋਂ ਇਲਾਵਾ ਪੁਰਾਣੀ ਫ਼ਿਰੋਜਪੁਰ ਰੇਂਜ ਨਾਲ ਬਾਰਡਰ ਰੇਂਜ ਨਾਲੋਂ ਤਰਨਤਾਰਨ ਜ਼ਿਲ੍ਹੇ ਨੂੰ ਤੋੜ ਕੇ ਜੋੜਿਆ ਗਿਆ ਹੈ। ਨਵੀਂ ਰੇਂਜ ਦੇ ਗਠਨ ਤੋਂ ਬਾਅਦ ਹੁਣ ਬਠਿੰਡਾ ਰੇਂਜ ਨਾਲ ਸਿਰਫ਼ ਬਠਿੰਡਾ ਤੇ ਮਾਨਸਾ ਜ਼ਿਲ੍ਹਾ ਹੀ ਰਹਿ ਗਏ ਹਨ। ਇਸੇ ਤਰ੍ਹਾਂ ਨਵੀਂ ਫ਼ਰੀਦਕੋਟ ਰੇਂਜ ਅਧੀਨ ਫ਼ਰੀਦਕੋਟ, ਮੋਗਾ ਤੇ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਿਰੋਜ਼ਪੁਰ ਰੇਂਜ ਨਾਲ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਤਰਨਤਾਰਨ ਜ਼ਿਲ੍ਹਾ ਜੁੜੇ ਰਹਿਣਗੇ। ਉਂਜ 15 ਕੁ ਸਾਲ ਪਹਿਲਾਂ ਫ਼ਿਰੋਜ਼ਪੁਰ ਜ਼ੋਨ 'ਚ ਬੈਠਣ ਵਾਲਾ ਇਕੱਲਾ ਆਈ.ਜੀ ਦੱਖਣੀ ਮਾਲਵਾ ਦੇ ਸਿਆਸੀ ਪੱਖੋਂ ਮਹੱਤਵਪੂਰਨ ਇਨ੍ਹਾਂ ਸੱਤ ਜ਼ਿਲ੍ਹਿਆਂ ਦੀ ਕਮਾਂਡ ਸੰਭਾਲਦਾ ਰਿਹਾ ਹੈ ਪ੍ਰੰਤੂ ਹੁਣ ਨਵੀਂ ਰੇਂਜ ਬਣਨ ਨਾਲ ਤਿੰਨ ਆਈ.ਜੀ ਇਸ ਇਲਾਕੇ ਦਾ ਕੰਮ ਦੇਖਣਗੇ। ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਮੁਤਾਬਕ ਬੇਸ਼ੱਕ ਫ਼ਰੀਦਕੋਟ ਨਵੀਂ ਰੇਂਜ ਬਣਾਉਣ ਪਿੱਛੇ ਮੁੱਖ ਮਕਸਦ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਨੇੜਿਉਂ ਮੁਲਾਂਕਣ ਕਰਨਾ ਹੈ ਪ੍ਰੰਤੂ ਪੁਲਿਸ ਦੇ ਹਲਕਿਆਂ 'ਚ ਚੱਲ ਰਹੀ ਚਰਚਾ ਮੁਤਾਬਕ ਅਜਿਹਾ ਆਈ.ਜੀ ਅਫ਼ਸਰਾਂ ਦੀ ਬਹੁਤਾਤ ਦੇ ਚਲਦਿਆਂ ਉਨਾਂ ਨੂੰ ਹੀ ਐਡਜੇਸਟ ਕਰਨ ਲਈ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਕੁੱਝ ਸਮਾਂ ਪਹਿਲਾਂ ਪੰਜਾਬ ਸਰਕਾਰ ਵਲੋਂ ਜ਼ੋਨਾਂ ਨੂੰ ਵੀ ਭੰਗ ਕਰ ਦਿਤਾ ਗਿਆ ਸੀ। ਜਿਸ ਤੋਂ ਬਾਅਦ ਰੇਂਜਾਂ ਵਿਚ ਹੀ ਆਈ.ਜੀ ਨੂੰ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਹੁਣ ਰੇਂਜਾਂ ਦੇ ਮੁਖੀ ਸਿੱਧਾ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਨੂੰ ਹੀ ਰੀਪੋਰਟ ਕਰਦੇ ਹਨ।