ਲੁਧਿਆਣਾ : ਵਿਦੇਸ਼ 'ਚ ਬੈਠੇ ਕੇ ਖਾਲਿਸਤਾਨ ਦੇ ਸੁਫਨੇ ਲੈਣ ਵਾਲੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂੰ ਨੇ ਇਕ ਵਾਰ ਫਿਰ ਤੋਂ ਜ਼ਹਿਰ ਉਗਲਿਆ ਹੈ। ਸੋਸ਼ਲ ਮੀਡੀਆ 'ਤੇ ਜਾਰੀ ਇਕ ਆਡੀਓ ਸੰਦੇਸ਼ 'ਚ ਪੰਨੂੰ ਨੇ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਸ਼ਹੀਦ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਸਮੇਤ ਕਈ ਵੱਡੇ ਆਗੂਆਂ ਨੂੰ ਵੀ ਧਮਕੀ ਦਿੱਤੀ ਹੈ। ਪੰਜਾਬ ਦੀ ਅਮਨ ਸ਼ਾਂਤੀ ਤੋਂ ਭੜਕੇ ਪੰਨੂੰ ਨੇ ਪੰਜਾਬ ਦੇ ਸਿਆਸਤਦਾਨਾ 'ਤੇ ਵੀ ਭੜਾਸ ਕੱਢੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਤੋਂ ਬਾਦਲ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਵੀ ਧਮਕੀ ਦੇ ਕੇ ਗੁਰਪਤਵੰਤ ਪੰਨੂੰ ਨੇ ਆਪਣੀ ਛੋਟੀ ਸੋਚ ਨੂੰ ਉਜਾਗਰ ਕੀਤਾ ਹੈ। ਖਾਲਿਸਤਾਨ ਦੇ ਮੁੱਦੇ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿੱਤੇ ਬਿਆਨ 'ਤੇ ਖਾਲਿਸਤਾਨੀ ਸਮਰਥਕ ਪੱਬਾਂ ਭਾਰ ਹੋ ਗਏ ਹਨ। ਪੰਨੂੰ ਨੇ ਜੱਥੇਦਾਰ ਦੇ ਇਸ ਬਿਆਨ ਨੂੰ ਕੌਮ ਦੀ ਆਵਾਜ਼ ਦੱਸਿਆ ਹੈ। ਖਾਲਿਸਤਾਨ ਨੂੰ ਲੈ ਕੇ ਆਪਣੇ ਹੀ ਰਾਗ ਅਲਾਪਣ ਵਾਲੇ ਪੰਨੂ ਦੀ ਟੋਨ ਹੁਣ ਬਦਲੀ ਹੋਈ ਵਿਖਾਈ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਗੋਲੀ ਦੀ ਥਾਂ ਵੋਟਾਂ 'ਚ ਵਿਸ਼ਵਾਸ ਰੱਖਦਾ ਹੈ ਅਤੇ ਉਸ ਨੇ ਜੁਲਾਈ ਮਹੀਨੇ ਦੌਰਾਨ ਪੰਜਾਬ 'ਚ ਵੋਟਾਂ ਕਰਵਾਉਣ ਦੀ ਗੱਲ ਕਹੀ ਹੈ। ਗੁਰਪਤਵੰਤ ਪੰਨੂੰ ਮੁਤਾਬਕ ਜੇਕਰ ਹਕੁਮਤਾਂ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਹਥਿਆਰ ਚੁੱਕਣ ਤੋਂ ਗੁਰੇਜ਼ ਨਹੀਂ ਕਰਨਗੇ।