ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਵੇਲੇ ਦੇਸ਼ ਦੀ ਰਖਿਆ ਨੀਤੀ ਨੂੰ ਸੰਸਾਰ ਪ੍ਰਵਾਨਗੀ ਮਿਲਣ ਨਾਲ ਜੁੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੇ ਮਾਮਲੇ ਵਿਚ ਉਨ੍ਹਾਂ ਨੂੰ ਸ਼ਾਇਰਾਨਾ ਅੰਦਾਜ਼ ਵਿਚ ਨਿਸ਼ਾਨਾ ਬਣਾਇਆ। ਗਾਂਧੀ ਨੇ ਲਦਾਖ਼ ਵਿਚ ਅਸਲ ਕੰਟਰੋਲ ਰੇਖਾ 'ਤੇ ਪਏ ਰੇੜਕੇ ਦਾ ਅਸਿੱਧਾ ਜ਼ਿਕਰ ਕਰਦਿਆਂ ਕਿਹਾ, 'ਸਾਰਿਆਂ ਨੂੰ ਪਤਾ ਹੈ ਸਰਹੱਦ ਦੀ ਹਕੀਕਤ ਪਰ ਦਿਲ ਨੂੰ ਖ਼ੁਸ਼ ਰੱਖਣ ਲਈ 'ਸ਼ਾਹ-ਯਦ' ਦੇ ਖ਼ਿਆਲ ਅੱਛਾ ਹੈ।' ਦਰਅਸਲ, ਸ਼ਾਹ ਨੇ ਬਿਹਾਰ ਵਿਚ ਵੀਡੀਉ ਕਾਨਫ਼ਰੰਸ ਰਾਹੀਂ ਐਤਵਾਰ ਨੂੰ ਕੀਤੀ ਗਈ ਰੈਲੀ ਵਿਚ ਕਿਹਾ ਸੀ ਕਿ ਭਾਰਤ ਦੀ ਰਖਿਆ ਨੀਤੀ ਨੂੰ ਸੰਸਾਰ ਪ੍ਰਵਾਨਗੀ ਹਾਸਲ ਹੈ। ਅਮਰੀਕਾ ਅਤੇ ਇਜ਼ਰਾਈਲ ਮਗਰੋਂ ਦੁਨੀਆਂ ਇਸ ਗੱਲ ਨਾਲ ਸਹਿਮਤ ਹੈ ਕਿ ਜੇ ਕੋਈ ਮੁਲਕ ਅਪਣੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹੈ ਤਾਂ ਉਹ ਭਾਰਤ ਹੈ। ਰਾਹੁਲ ਗਾਂਧੀ ਭਾਰਤ ਅਤੇ ਚੀਨ ਵਿਚਾਲੇ ਸਰਹੱਦ 'ਤੇ ਪੈਦਾ ਰੇੜਕੇ ਬਾਰੇ ਪਿਛਲੇ ਕੁੱਝ ਹਫ਼ਤਿਆਂ ਵਿਚ ਸਰਕਾਰ ਨੂੰ ਸਵਾਲ ਕਰ ਚੁਕੇ ਹਨ। ਪਿਛਲੇ ਦਿਨੀਂ ਉਨ੍ਹਾਂ ਸਵਾਲ ਕੀਤਾ ਸੀ ਕਿ ਕੀ ਸਰਕਾਰ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹੈ ਕਿ ਚੀਨ ਦਾ ਕੋਈ ਵੀ ਫ਼ੌਜੀ ਭਾਰਤੀ ਸਰਹੱਦ ਵਿਚ ਦਾਖ਼ਲ ਨਹੀਂ ਹੋਇਆ।