ਲੁਧਿਆਣਾ : ਅਕਾਲ ਤਖ਼ਤ ਦੇ ਜੱਥੇਦਾਰ ਹਰਪ੍ਰੀਤ ਸਿੰਘ ਵਲੋਂ ਖ਼ਾਲਿਸਤਾਨ ਦੀ ਮੰਗ ਕਰਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਨਿਸ਼ਾਨੇ 'ਤੇ ਜਥੇਦਾਰ ਆ ਗਏ ਹਨ। ਇਸ ਮੁੱਦੇ 'ਤੇ ਬਿੱਟੂ ਵੱਲੋਂ ਅਕਾਲੀ ਦਲ ਅਤੇ ਭਾਜਪਾ ਨੂੰ ਸਟੈਂਡ ਸਪੱਸ਼ਟ ਕਰਨ ਦੀ ਅਪੀਲ ਕੀਤੀ ਗਈ ਹੈ। ਬਿੱਟੂ ਨੇ ਕਿਹਾ ਕਿ ਖ਼ਾਲਿਸਤਾਨ ਦੇ ਨਾਂ 'ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨ ਬਾਰੇ ਜੋ ਸ਼ੱਕ ਉਨ•ਾਂ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਸੀ, ਉਹ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਬਿਆਨ ਤੋਂ ਸਾਫ ਹੋ ਗਿਆ ਹੈ। ਇਨ•ਾਂ ਦੋਵਾਂ ਨੇ ਦੇਸ਼ 'ਚ ਸਿੱਖਾਂ ਨਾਲ ਧੱਕੇਸ਼ਾਹੀ ਹੋਣ ਦੀ ਜੋ ਗੱਲ ਕਹੀ ਹੈ, ਜਿਸ ਸਬੰਧੀ ਕੇਂਦਰ ਸਰਕਾਰ ਤੋਂ ਇਲਾਵਾ ਵਧੇਰੇ ਸੂਬਿਆਂ ਦੀ ਸੱਤਾ 'ਤੇ ਕਾਬਜ਼ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ। ਇਹੀ ਜ਼ਿੰਮੇਵਾਰੀ ਭਾਜਪਾ ਦੇ ਸਹਿਯੋਗੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਵੀ ਬਣਦੀ ਹੈ। ਇਸੇ ਤਰ•ਾਂ ਉਕਤ ਦੋਵੇਂ ਪਾਰਟੀਆਂ ਦੇ ਆਗੂਆਂ ਨੂੰ ਅਕਾਲ ਤਖ਼ਤ ਦੇ ਜੱਥੇਦਾਰ ਅਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਵੱਲੋਂ ਕੀਤੀ ਗਈ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਵੀ ਆਪਣਾ ਰੁਖ ਸਾਫ ਕਰਨਾ ਚਾਹੀਦਾ ਹੈ ਅਤੇ ਜੇਕਰ ਅਕਾਲੀ ਦਲ ਇਸ ਤੋਂ ਸਹਿਮਤ ਹੈ ਤਾਂ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਨਾਤਾ ਤੋੜ ਕੇ ਗਠਜੋੜ ਤੋਂ ਬਾਹਰ ਆਵੇ। ਬਿੱਟੂ ਨੇ ਕਿਹਾ ਕਿ ਇਨ•ਾਂ ਦੋਵੇਂ ਪ੍ਰਤੀਨਿਧੀਆਂ ਨੂੰ ਧਾਰਮਿਕ ਜੱਥੇਬੰਦੀਆਂ ਦੀ ਮਰਿਆਦਾ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਆਕਾਵਾਂ ਦੇ ਸਿਆਸੀ ਹਿੱਤਾਂ ਲਈ ਲੋਕਤੰਤਰੀ ਵਿਵਸਥਾ ਨੂੰ ਚੁਣੌਤੀ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਖ਼ਤਰਾ ਹੈ ।