ਢਾਕਾ : ਉੱਤਰ-ਪੱਛਮੀ ਬੰਗਲਾਦੇਸ਼ ਵਿਚ ਈਦ ਦੇ ਜਸ਼ਨ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਪਿਛਲੇ ਤਿੰਨ ਦਿਨ ਵਿਚ 16 ਲੋਕਾਂ ਦੀ ਮੌਤ ਹੋ ਗਈ ਜਦਕਿ ਤਕਰੀਬਨ ਇਕ ਦਰਜਨ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੀ ਜਾਣਕਾਰੀ ਪੁਲਸ ਸੂਤਰਾਂ ਨੇ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਿਲਾਵਟੀ ਸ਼ਰਾਬ ਪੀਣ ਕਾਰਣ ਹੁਣ ਤੱਕ 16 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਕੁਝ ਲੋਕਾਂ ਦੀ ਆਪਣੇ ਘਰਾਂ ਵਿਚ ਹੀ ਮੌਤ ਹੋਈ ਜਦਕਿ ਕੁਝ ਨੇ ਹਸਪਤਾਲ ਲਿਜਾਣ ਦੌਰਾਨ ਦੰਮ ਤੋੜ ਦਿੱਤਾ। ਹਾਲਾਂਕਿ ਸਰਕਾਰੀ ਨਿਊਜ਼ ਏਜੰਸੀ BSS ਦਾ ਦਾਅਵਾ ਹੈ ਕਿ ਦੋ ਵੱਖ-ਵੱਖ ਘਟਨਾਵਾਂ ਵਿਚ ਲੋਕਾਂ ਦੀ ਮੌਤ ਹੋਈ ਹੈ। ਇਸ ਵਿਚਾਲੇ ਅਧਿਕਾਰੀਆਂ ਨੇ ਉਨ੍ਹਾਂ ਥਾਵਾਂ ਦਾ ਪਤਾ ਲਾਉਣ ਲਈ ਜਾਂਚ ਦੇ ਹੁਕਮ ਦਿੱਤੇ ਹਨ, ਜਿਥੇ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਬਣਾਈ ਜਾਂਦੀ ਹੈ।