ਨਵੀਂ ਦਿੱਲੀ: ਭਾਰਤ 'ਚ ਸੋਮਵਾਰ ਸਵੇਰੇ ਅੱਠ ਵਜੇ ਤੋਂ covid-19 ਨਾਲ 146 ਹੋਰ ਵਿਅਕਤੀਆਂ ਦੇ ਜਾਨ ਗੁਆਉਣ ਦੇ ਨਾਲ ਹੀ ਦੇਸ਼ ਅੰਦਰ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 4167 ਹੋ ਗਈ ਹੈ। ਜਦਕਿ 6535 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਅੰਦਰ ਲਾਗ ਦੇ ਮਾਮਲੇ ਵੱਧ ਕੇ 1, 45, 380 ਹੋ ਗਏ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ 'ਚ ਅਜੇ ਕੋਰੋਨਾ ਵਾਇਰਸ (coronavirus) ਦੇ 80, 772 ਮਰੀਜ਼ਾਂ ਦਾ ਇਲਾਜ ਜਾਰੀ ਹੈ, ਜਦਕਿ 60, 490 ਲੋਕ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੇ ਹਨ ਅਤੇ ਇਕ ਦੇਸ਼ ਛੱਡ ਕੇ ਚਲਾ ਗਿਆ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਦੇਸ਼ 'ਚ ਅਜੇ ਤਕ ਲਗਭਗ 41.61 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ।'' ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੁਲ 4167 ਮ੍ਰਿਤਕਾਂ 'ਚੋਂ ਸੱਭ ਤੋਂ ਜ਼ਿਆਦਾ 1695 ਲੋਕਾਂ ਦੀ ਜਾਨ ਮਹਾਰਾਸ਼ਟਰ 'ਚ ਗਈ। ਇਸ ਤੋਂ ਬਾਅਦ 888 ਗੁਜਰਾਤ 'ਚ, ਮੱਧ ਪ੍ਰਦੇਸ਼ 'ਚ 300, ਪਛਮੀ ਬੰਗਾਲ 'ਚ 278, ਦਿੱਲੀ 'ਚ 276, ਰਾਜਸਥਾਨ 'ਚ 167, ਉੱਤਰ ਪ੍ਰਦੇਸ਼ 'ਚ 165, ਤਾਮਿਲਨਾਡੂ 'ਚ 118 ਅਤੇ ਆਂਧਰ ਪ੍ਰਦੇਸ਼ ਤੇ ਤੇਲੰਗਾਨਾ 'ਚ 56-56 ਲੋਕਾਂ ਦੀ ਜਾਨ ਗਈ। ਕਰਨਾਟਕ 'ਚ 44, ਪੰਜਾਬ 'ਚ 40, ਜੰਮੂ-ਕਸ਼ਮੀਰ 'ਚ 23, ਹਰਿਆਣਾ 'ਚ 16 ਜਦਕਿ ਬਿਹਾਰ 'ਚ 13 ਅਤੇ ਉੜੀਸਾ 'ਚ ਸੱਤ ਵਿਅਕਤੀਆਂ ਨੇ ਅਪਣੀ ਜਾਨ ਗੁਆਈ ਹੈ। ਕੇਰਲ ਅਤੇ ਹਿਮਾਚਲ ਪ੍ਰਦੇਸ਼ 'ਚ ਪੰਜ-ਪੰਜ, ਝਾਰਖੰਡ ਅਤੇ ਆਸਾਮ 'ਚ ਹੁਣ ਤਕ ਚਾਰ-ਚਾਰ ਵਿਅਕਤੀਆਂ ਦੀ ਮੌਤ ਹੋਈ ਹੈ। ਚੰਡੀਗੜ੍ਹ ਅਤੇ ਉੱਤਰਾਖੰਡ 'ਚ ਕੋਰੋਨਾ ਵਾਇਰਸ ਨਾਲ ਤਿੰਨ-ਤਿੰਨ ਵਿਅਕਤੀਆਂ ਦੀ ਜਦਕਿ ਮੇਘਾਲਿਆ 'ਚ ਹੁਣ ਤਕ ਇਕ ਵਿਅਕਤੀ ਦੀ ਮੌਤ ਹੋਈ ਹੈ। ਮੰਤਰਾਲੇ ਅਨੁਸਾਰ ਕੋਰੋਨਾ ਵਾਇਰਸ ਦੇ ਸੱਭ ਤੋਂ ਜ਼ਿਆਦਾ 52, 667 ਮਾਮਲੇ ਮਹਾਰਾਸ਼ਟਰ 'ਚ, ਫਿਰ 17, 082 ਤਾਮਿਲਨਾਡੂ 'ਚ, 14, 460 ਗੁਜਰਾਤ 'ਚ, 14, 053 ਦਿੱਲੀ 'ਚ, 7, 300 ਰਾਜਸਥਾਨ 'ਚ, 6859 ਮੱਧ ਪ੍ਰਦੇਸ਼ 'ਚ ਅਤੇ 6532 ਉੱਤਰ ਪ੍ਰਦੇਸ਼ 'ਚ ਸਾਹਮਣੇ ਆਏ ਹਨ।