ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਬੁਧਵਾਰ ਤਕ ਕੁਲ 3303 ਲੋਕਾਂ ਦੀ ਮੌਤ ਹੋ ਗਈ ਅਤੇ ਲਾਗ ਦੇ ਮਾਮਲੇ ਵੱਧ ਕੇ 1, 06, 750 'ਤੇ ਪਹੁੰਚ ਗਏ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਬੀਤੇ 24 ਘੰਟਿਆਂ ਵਿਚ 140 ਪੀੜਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਾਗ ਦੇ ਰੀਕਾਰਡ 5611 ਨਵੇਂ ਮਾਮਲੇ ਸਾਹਮਣੇ ਆਏ। ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ 61149 ਪੀੜਤ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ ਜਦਕਿ 42297 ਲੋਕ ਸਿਹਤਯਾਬ ਹੋ ਚੁਕੇ ਹਨ ਅਤੇ ਇਕ ਮਰੀਜ਼ ਦੇਸ਼ ਤੋਂ ਬਾਹਰ ਚਲਾ ਗਿਆ। ਕੁਲ ਪੀੜਤਾਂ ਵਿਚ ਵਿਦੇਸ਼ੀ ਮਰੀਜ਼ ਵੀ ਸ਼ਾਮਲ ਹਨ। ਬੀਤੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿਚ 76, ਗੁਜਰਾਤ ਵਿਚ 25, ਮੱਧ ਪ੍ਰਦੇਸ਼ ਵਿਚ ਛੇ ਅਤੇ ਪਛਮੀ ਬੰਗਾਲ ਵਿਚ ਪੰਜ ਜਣਿਆਂ ਦੀ ਮੌਤ ਹੋਈ ਹੈ।
ਇਸੇ ਤਰ੍ਹਾਂ ਯੂਪੀ ਵਿਚ ਤਿੰਨ-ਤਿੰਨ, ਤਾਮਿਲਨਾਡੂ, ਕਰਨਾਟਕ ਅਤੇ ਤੇਲੰਗਾਨਾ ਵਿਚ ਦੋ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਉੜੀਸਾ ਅਤੇ ਪੰਜਾਬ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ। ਦੇਸ਼ ਭਰ ਵਿਚ ਕੁਲ 3303 ਪੀੜਤ ਵਿਅਕਤੀਆਂ ਦੀ ਮੌਤ ਹੋ ਚੁਕੀ ਹੈ ਜਿਨ੍ਹਾਂ ਵਿਚੋਂ ਸੱਭ ਤੋਂ ਵੱਧ 1325 ਲੋਕਾਂ ਦੀ ਜਾਨ ਮਹਾਰਾਸ਼ਟਰ ਵਿਚ ਗਈ ਜਦਕਿ 719 ਲੋਕਾਂ ਦੀ ਮੌਤ ਗੁਜਰਾਤ ਵਿਚ ਹੋਈ ਹੈ। ਮੱਧ ਪ੍ਰਦੇਸ਼ਵਿਚ 258, ਪਛਮੀ ਬੰਗਾਲ ਵਿਚ 250, ਦਿੱਲੀ ਵਿਚ 168, ਰਾਜਸਥਾਨ ਵਿਚ 143, ਯੂਪੀ ਵਿਚ 123, ਤਾਮਿਲਨਾਡੂ ਵਿਚ 84 ਲੋਕਾਂ ਦੀ ਮੌਤ ਲਾਗ ਕਾਰਨ ਹੋਈ ਹੈ। ਕਰਨਾਟਕ ਵਿਚ ਮ੍ਰਿਤਕਾਂ ਦੀ ਗਿਣਤੀ 40 ਅਤੇ ਪੰਜਾਬ ਤੇ ਤੇਲੰਗਾਨਾ ਵਿਚ 38-38 ਹੈ। ਹਰਿਆਣਾ ਵਿਚ 14 ਜਣਿਆਂ ਦੀ ਜਾਨ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਲਾਗ ਨਾਲ ਮੌਤਾਂ ਦੇ 70 ਫ਼ੀ ਸਦੀ ਤੋਂ ਵੱਧ ਮਾਮਲਿਆਂ ਵਿਚ ਮਰੀਜ਼ ਹੋਰ ਗੰਭੀਰ ਬੀਮਾਰੀਆਂ ਤੋਂ ਪੀੜਤ ਸਨ।