ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇਸਲਾਮਿਕ ਸਟੇਟ ਦੇ ਚਾਰ ਅਤਿਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਦਸਿਆ ਕਿ ਅਤਿਵਾਦੀਆਂ ਨੂੰ ਇਸਲਾਮਿਕ ਸਟੇਟ ਦੀ ਚੋਟੀ ਦੀ ਅਗਵਾਈ ਨੇ ਬਹਾਵਲਪੁਰ ਵਿਚ ਘੱਟ ਗਿਣਤੀ ਸ਼ਿਆ ਭਾਈਚਾਰੇ ਦੇ ਧਾਰਮਿਕ ਸਥਾਨਾਂ 'ਤੇ ਹਮਲਾ ਕਰਨ ਲਈ ਕਿਹਾ ਸੀ, ਜਿਸ ਨਾਲ ਦੇਸ਼ ਵਿਚ ਫਿਰਕੂ ਹਿੰਸਾ ਭੜਕਾਈ ਜਾ ਸਕੇ। ਪੰਜਾਬ ਸੂਬੇ ਦੇ ਅਤਿਵਾਦ ਰੋਕੂ ਵਿਭਾਗ ਨੇ ਕਿਹਾ ਕਿ ਉਹਨਾਂ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਸਥਾਨਕ ਖੁਫੀਆ ਏਜੰਸੀਆਂ ਦੀ ਮਦਦ ਨਾਲ ਮੁਹਿੰਮ ਚਲਾਈ ਸੀ। ਵਿਭਾਗ ਨੇ ਕਿਹਾ ਕਿ ਅਤਿਵਾਦ ਦੀ ਇਕ ਵੱਡੀ ਤੇ ਭਿਆਨਕ ਯੋਜਨਾ ਨੂੰ ਅਸਫਲ ਕਰ ਦਿਤਾ ਗਿਆ ਹੈ। ਇਸਲਾਮਿਕ ਸਟੇਟ ਨਾਲ ਜੁੜੇ ਚਾਰ ਅਤਿਵਾਦੀਆਂ ਨੂੰ ਇਕ ਮੁਹਿੰਮ ਵਿਚ ਢੇਰ ਕਰ ਦਿਤਾ ਗਿਆ। ਅਤਿਵਾਦੀਆਂ ਦੇ ਤਿੰਨ ਸਾਥੀ ਫਰਾਰ ਹੋ ਗਏ ਹਨ।