ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਵੀ ਪਰਵਾਸੀ ਮਜ਼ਦੂਰਾਂ ਦੇ ਜਾਣ ਅਤੇ ਸਥਾਨਕ ਮਜ਼ਦੂਰਾਂ ਵਲੋਂ ਮਨਮਰਜ਼ੀ ਦੇ ਰੇਟ ਮੰਗਣ ਦੀ ਪੈਦਾ ਹੋਈ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪਰਵਾਸੀ ਮਜ਼ਦੂਰਾਂ ਦੇ ਵਸੇਬੇ ਦੇ ਪੂਰੇ ਪ੍ਰਬੰਧ ਕਰ ਕੇ ਉਨ੍ਹਾਂ ਨੂੰ ਜਾਣ ਤੋਂ ਰੋਕੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਵਾਸੀ ਮਜ਼ਦੂਰਾਂ ਦੀ ਕਮੀ ਦੇ ਚਲਦੇ ਜ਼ਿਆਦਾ ਰੇਟ ਮੰਗਣ 'ਤੇ ਸਥਾਨਕ ਮਜ਼ਦੂਰਾਂ ਨਾਲ ਉਲਝਣ ਦੀ ਥਾਂ ਉਨ੍ਹਾਂ ਨਾਲ ਮਿਲ ਬੈਠ ਕੇ ਰੇਟ ਤੈਅ ਕਰਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਿਸਾਨਾਂ ਅਤੇ ਸਥਾਨਕ ਮਜ਼ਦੂਰਾਂ ਵਿਚ ਬਣੀ ਸਾਂਝ ਕਾਇਮ ਰੱਖੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸਲਾਹ ਦਿਤੀ ਕਿ ਉਹ ਮਜ਼ਦੂਰੀ ਦੇ ਰੇਟਾਂ ਦੇ ਕਿਸੇ ਝਗੜੇ ਵਿਚ ਪੈਣ ਦੀ ਥਾਂ ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ ਦੀ ਵਰਤੋਂ ਵਲ ਧਿਆਨ ਦੇਣ।