ਐਸ.ਏ.ਐਸ. ਨਗਰ : ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਅਦਾਲਤੀ ਹੁਕਮਾਂ ਦੇ ਚਲਦਿਆਂ ਅੱਜ 4 ਵਜੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਐਸ.ਪੀ ਡੀ. ਸੰਦੀਪ ਹਾਂਸ ਦੇ ਦਫ਼ਤਰ ਵਿਖੇ ਜਾਂਚ ਵਿਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪੁਲਿਸ ਵਲੋਂ ਪ੍ਰਸ਼ਾਸਕੀ ਕੰਪਲੈਕਸ ਦੇ ਚਾਰੇ ਪਾਸੇ ਸਖ਼ਤ ਸੁਰੱਖਿਆ ਪ੍ਰਬੰਧ ਕਰਦਿਆਂ ਕਿਸੇ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿਤੀ ਗਈ।
ਜ਼ਿਕਰਯੋਗ ਹੈ ਕਿ 29 ਸਾਲ ਪੁਰਾਣੇ ਮਾਮਲੇ ਵਿਚ 6 ਮਈ ਨੂੰ ਮੁਹਾਲੀ ਵਿਖੇ ਅਗ਼ਵਾ ਦਾ ਕੇਸ ਦਰਜ ਕੀਤਾ ਗਿਆ ਸੀ। ਸੈਣੀ ਉਸ ਸਮੇਂ ਚੰਡੀਗੜ੍ਹ ਦੇ ਐਸਐਸਪੀ ਸਨ। ਦੋਸ਼ ਇਹ ਹੈ ਕਿ ਸੁਮੇਧ ਸੈਣੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੰਡੀਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ ਅਗ਼ਵਾ ਕਰ ਕੇ ਉਸ ਨੂੰ ਮਾਰ ਦਿਤਾ। ਇਸ ਕੇਸ ਵਿਚ ਸੁਮੇਧ ਸਿੰਘ ਸੈਣੀ ਵਿਰੁਧ ਬਲਵੰਤ ਸਿੰਘ ਮੁਲਤਾਨੀ ਨੂੰ ਲਾਪਤਾ ਕਰਨ ਦਾ ਦੋਸ਼ ਹੈ। ਸੈਣੀ ਤੋਂ ਇਲਾਵਾ ਐਫਆਈਆਰ ਵਿਚ ਕੁੱਝ ਹੋਰ ਲੋਕਾਂ ਦੇ ਨਾਮ ਵੀ ਸ਼ਾਮਲ ਹਨ। ਬੀਤੀ 11 ਮਈ ਨੂੰ ਇਸ ਮਾਮਲੇ ਸਬੰਧੀ ਮੁਹਾਲੀ ਦੀ ਅਦਾਲਤ ਵਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਉਂਦਿਆਂ ਉਸ ਨੂੰ ਪੇਸ਼ਗੀ ਜ਼ਮਾਨਤ ਦੇ ਦਿਤੀ ਗਈ ਸੀ। ਬੀਤੀ 14 ਮਈ ਨੂੰ ਅਦਾਲਤੀ ਹੁਕਮਾਂ ਦੇ ਚਲਦਿਆਂ ਸੁਮੇਧ ਸੈਣੀ ਐਸ.ਏ.ਐਸ. ਨਗਰ ਦੇ ਥਾਣਾ ਮਟੌਰ ਵਿਖੇ ਅਪਣੇ ਵਕੀਲਾਂ ਦੇ ਨਾਲ ਪੇਸ਼ ਹੋਏ ਸਨ। ਸੈਣੀ ਵਿਰੁਧ ਦਰਜ ਮਾਮਲੇ ਦੀ ਜਾਂਚ ਲਈ ਬਣਾਈ ਐਸ.ਆਈ.ਟੀ.(ਸਿਟ) ਵਿਚ ਐਸ.ਪੀ. ਡੀ. ਹਰਮਨਦੀਪ ਸਿੰਘ ਹੰਸ, ਡੀ.ਐਸ.ਪੀ. ਡੀ. ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮਟੌਰ ਮੁਖੀ ਰਾਜੀਵ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ। ਮਟੌਰ ਥਾਣੇ ਵਿਚ ਸੁਮੇਧ ਸਿੰਘ ਸੈਣੀ ਤੋਂ ਇਕ ਘੰਟਾ ਦੇ ਕਰੀਬ ਪੁਛਗਿੱਛ ਕੀਤੀ ਗਈ ਸੀ। ਇਸ ਦੌਰਾਨ ਉੁਨ੍ਹਾਂ ਦਾ ਪਾਸਪੋਰਟ ਅਤੇ ਮੁਚਲਕੇ ਦੇ ਤੌਰ 'ਤੇ 50 ਹਜ਼ਾਰ ਰੁਪਏ ਜਮਾਂ ਕਰਵਾਏ ਗਏ ਸਨ।