ਨਵੀਂ ਦਿੱਲੀ : ਕੀ ਪੋਲਿੰਗ ਏਜੰਟ ਨੇ ਆਸਾਮ ਦੇ ਕਰੀਮਗੰਜ ਲੋਕ ਸਭਾ ਹਲਕੇ ਵਿੱਚ ਭਾਜਪਾ ਉਮੀਦਵਾਰ ਲਈ ਈਵੀਐਮ 'ਤੇ 5 ਵੋਟਾਂ ਪਾਈਆਂ ? ਅਜਿਹੇ ਦਾਅਵੇ ਸਬੰਧੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਰਿਪੋਰਟ ਅਨੁਸਾਰ ਜ਼ਿਲ੍ਹਾ ਚੋਣ ਅਧਿਕਾਰੀ ਨੇ ਇਸ ਮਾਮਲੇ ਨੂੰ ਲੈ ਕੇ ਪੋਲਿੰਗ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਡੀਈਓ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵੀਡੀਓ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ‘ਮੌਕ ਪੋਲ’ ਦੌਰਾਨ ਰਿਕਾਰਡ ਕੀਤੀ ਗਈ ਸੀ। ਇਸ ਵਿਚ ਕਿਹਾ ਗਿਆ ਹੈ, 'ਪ੍ਰਕਿਰਿਆ ਦੇ ਹਿੱਸੇ ਵਜੋਂ, ਪੋਲਿੰਗ ਏਜੰਟਾਂ ਨੂੰ ਮੌਕ ਪੋਲ ਦੌਰਾਨ ਉਮੀਦਵਾਰ ਦੇ ਹੱਕ ਵਿਚ ਕੁਝ ਵੋਟਾਂ ਪਾਉਣੀਆਂ ਪੈਂਦੀਆਂ ਹਨ। ਇਸ ਸਬੰਧੀ ਹੋਰ ਪੋਲਿੰਗ ਏਜੰਟਾਂ ਦੇ ਬਿਆਨ ਵੀ ਮੰਗੇ ਗਏ ਹਨ ਅਤੇ ਪੋਲਿੰਗ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਗਏ ਹਨ।
ਰਿਪੋਰਟ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਆਜ਼ਾਦ ਉਮੀਦਵਾਰ ਅਬਦੁਲ ਹਮੀਦ ਦਾ ਪੋਲਿੰਗ ਏਜੰਟ ਅਬਦੁਲ ਸਾਹਿਦ ਨਜ਼ਰ ਆ ਰਿਹਾ ਹੈ। ਉਹ ਭਾਜਪਾ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਕ੍ਰਿਪਾਨਾਥ ਮੱਲ੍ਹਾ ਲਈ ਲਗਾਤਾਰ 5 ਵਾਰ ਈਵੀਐਮ ਬਟਨ ਦਬਾਉਂਦੇ ਨਜ਼ਰ ਆ ਰਹੇ ਹਨ। ਡੀਈਓ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਵਾਇਰਲ ਵੀਡੀਓ ਸਬੰਧੀ ਸਾਨੂੰ ਸ਼ਿਕਾਇਤਾਂ ਮਿਲੀਆਂ ਸਨ।
ਇਸ ਤੋਂ ਬਾਅਦ ਮਾਮਲਾ ਜਨਰਲ ਆਬਜ਼ਰਵਰ ਦੇ ਸਾਹਮਣੇ ਲਿਆਂਦਾ ਗਿਆ ਅਤੇ ਪੋਲਿੰਗ ਟੀਮ ਨੂੰ ਬੁਲਾਇਆ ਗਿਆ। ਮਾਮਲੇ ਸਬੰਧੀ ਪੋਲਿੰਗ ਸਟੇਸ਼ਨ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਦੱਸਿਆ ਕਿ ਮੌਕ ਪੋਲ ਦੌਰਾਨ ਵੀਡੀਓ ਰਿਕਾਰਡ ਕੀਤੀ ਗਈ ਸੀ। ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪਈਆਂ ਵੋਟਾਂ ਨੂੰ ਡਿਲੀਟ ਕਰ ਦਿੱਤਾ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੋਲਿੰਗ ਏਜੰਟ ਅਬਦੁਲ ਸਾਹਿਦ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ।
ਅਸਾਮ 'ਚ ਦੂਜੇ ਪੜਾਅ 'ਚ 81.17 ਫੀਸਦੀ ਵੋਟਿੰਗ
ਤੁਹਾਨੂੰ ਦੱਸ ਦੇਈਏ ਕਿਲੋਕ ਸਭਾ ਚੋਣਾਂਦੇ ਦੂਜੇ ਪੜਾਅ 'ਚ ਅਸਾਮ ਦੀਆਂ 5 ਸੀਟਾਂ 'ਤੇ 81.17 ਫੀਸਦੀ ਵੋਟਿੰਗ ਹੋਈ। ਚੋਣ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸਭ ਤੋਂ ਵੱਧ 84.97 ਫੀਸਦੀ ਵੋਟਿੰਗ ਨਗਾਓਂ ਲੋਕ ਸਭਾ ਹਲਕੇ ਵਿੱਚ ਹੋਈ। ਇਸ ਤੋਂ ਬਾਅਦ ਦਾਰੰਗ-ਉਦਲਗੁੜੀ 'ਚ 82.01 ਫੀਸਦੀ, ਕਰੀਮਗੰਜ 'ਚ 80.48 ਫੀਸਦੀ, ਸਿਲਚਰ (ਅਨੁਸੂਚਿਤ ਜਾਤੀ) 'ਚ 79.05 ਫੀਸਦੀ ਅਤੇ ਦੀਪੂ 'ਚ 75.74 ਫੀਸਦੀ ਵੋਟਿੰਗ ਦਰਜ ਕੀਤੀ ਗਈ। ਚੋਣਾਂ ਦੇ ਇਸ ਪੜਾਅ ਵਿੱਚ 61 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। 19 ਅਪ੍ਰੈਲ ਨੂੰ ਹੋਈ ਵੋਟਿੰਗ ਦੇ ਪਹਿਲੇ ਪੜਾਅ ਤਹਿਤ ਸੂਬੇ ਦੀਆਂ ਕਾਜ਼ੀਰੰਗਾ, ਜੋਰਹਾਟ, ਡਿਬਰੂਗੜ੍ਹ, ਸੋਨਿਤਪੁਰ ਅਤੇ ਲਖੀਮਪੁਰ ਲੋਕ ਸਭਾ ਸੀਟਾਂ 'ਤੇ 78.25 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।