ਨਵੀਂ ਦਿੱਲੀ : ਤਾਲਾਬੰਦੀ ਕਾਰਨ ਯੂਪੀ ਤੇ ਬਿਹਾਰ ਵਿਚ ਅਪਣੇ ਘਰ ਮੁੜ ਰਹੇ 14 ਪ੍ਰਵਾਸੀ ਮਜ਼ਦੂਰਾਂ ਦੀ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ ਮੌਤ ਹੋ ਗਈ ਅਤੇ 60 ਹੋਰ ਜ਼ਖ਼ਮੀ ਹੋ ਗਏ। ਮੱਧ ਪ੍ਰਦੇਸ਼ ਪੁਲਿਸ ਨੇ ਦਸਿਆ ਕਿ ਰਾਜਧਾਨੀ ਭੋਪਾਲ ਤੋਂ ਲਗਭਗ 180 ਕਿਲੋਮੀਟਰ ਦੂਰ ਗੁਣਾ ਵਿਚ ਤੜਕੇ ਵਾਪਰੇ ਸੜਕ ਹਾਦਸੇ ਵਿਚ ਯੂਪੀ ਦੇ ਅੱਠ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 55 ਜ਼ਖ਼ਮੀ ਹੋ ਗਏ। ਇਹ ਮਜ਼ਦੂਰ ਮਹਾਰਾਸ਼ਟਰ ਤੋਂ ਜਿਸ ਟਰੱਕ ਵਿਚ ਪਰਤ ਰਹੇ ਸਨ, ਉਹ ਗ਼ਲਤ ਦਿਸ਼ਾ ਵਿਚ ਆ ਰਹੀ ਖ਼ਾਲੀ ਬੱਸ ਨਾਲ ਟਕਰਾ ਗਿਆ। ਦੂਜਾ ਹਾਦਸਾ ਯੂਪੀ ਦੇ ਮੁਜ਼ੱਫ਼ਰਨਗਰ ਵਿਚ ਵਾਪਰਿਆ ਜਿਥੇ ਪੰਜਾਬ ਤੋਂ ਬਿਹਾਰ ਅਪਣੇ ਘਰਾਂ ਨੂੰ ਪੈਦਲ ਮੁੜ ਰਹੇ ਮਜ਼ਦੂਰ ਦਿੱਲੀ ਸਹਾਰਨਪੁਰ ਮਾਰਗ 'ਤੇ ਰੋਡਵੇਜ਼ ਦੀ ਬੱਸ ਦੀ ਪਲੇਟ ਵਿਚ ਆ ਗਏ। ਇਸ ਹਾਦਸੇ ਵਿਚ ਬਿਹਾਰ ਦੇ ਛੇ ਪ੍ਰਵਾਸੀ ਮਜ਼ਦੂਰ ਮਾਰੇ ਗਏ ਅਤੇ ਚਾਰ ਜ਼ਖ਼ਮੀ ਹੋ ਗਏ।
ਪੰਜਾਬ ਤੋਂ ਪੈਦਲ ਬਿਹਾਰ ਜਾ ਰਹੇ
ਗੁਣਾ ਦੇ ਪੁਲਿਸ ਅਧਿਕਾਰੀ ਤਰੁਣ ਪਾਠਕ ਨੇ ਦਸਿਆ ਕਿ ਮਹਾਰਾਸ਼ਟਰ ਤੋਂ ਲਗਭਗ 65 ਮਜ਼ਦੂਰ ਟਰੱਕ ਵਿਚ ਯੂਪੀ ਲਈ ਨਿਕਲੇ ਸਨ। ਤੜਕੇ ਤਿੰਨ ਵਜੇ ਗੁਣਾ ਬਾਈਪਾਸ ਲਾਗੇ ਹਾਦਸਾ ਵਾਪਰ ਗਿਆ ਤੇ ਮੌਕੇ 'ਤੇ ਹੀ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 55 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਪਹਿਲੇ ਨਜ਼ਰ ਬੱਸ ਚਾਲਕ ਦੀ ਲਾਪਰਵਾਹੀ ਸਾਹਮਣੇ ਆਈ ਹੈ। ਬੱਸ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਧਰ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਜ਼ਦੂਰਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਜ਼ਖ਼ਮੀ ਮਜ਼ਦੂਰਾਂ ਦਾ ਇਲਾਜ ਕਰਾਉਣ ਅਤੇ ਮ੍ਰਿਤਕਾਂ ਦੀਆਂ ਦੇਹਾਂ ਉਨ੍ਹਾਂ ਦੇ ਵਾਰਸਾਂ ਤਕ ਪਹੁੰਚਾਣ ਦੇ ਨਿਰਦੇਸ਼ ਦਿਤੇ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੁਜ਼ੱਫ਼ਰਪੁਰ ਵਿਚ ਹਾਦਸਾ ਉਸ ਵੇਲੇ ਵਾਪਰਿਆ ਜਦ ਪੰਜਾਬ ਤੋਂ ਮਜ਼ਦੂਰ ਪੈਦਲ ਪਰਤ ਰਹੇ ਸਨ। ਰੋਡਵੇਜ਼ ਦੀ ਬੱਸ ਉਨ੍ਹਾਂ 'ਤੇ ਚੜ੍ਹ ਗਈ ਜਿਸ ਕਾਰਨ ਛੇ ਮਜ਼ਦੂਰ ਮੌਕੇ 'ਤੇ ਹੀ ਦਮ ਤੋੜ ਗਏ ਅਤੇ ਛੇ ਜਣੇ ਗੰਭੀਰ ਜ਼ਖ਼ਮੀ ਹੋਏ ਹਨ। ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।