ਰੂਪਨਗਰ : ਰੂਪਨਗਰ ਜ਼ਿਲੇ 'ਚ ਇਕ ਮਜ਼ਦੂਰ ਦਾ ਪਾਜ਼ੇਟਿਵ ਕੇਸ ਹੋਰ ਪਾਇਆ ਗਿਆ ਹੈ, ਜੋ ਕਰੀਬ 800 ਕਿਲੋਮੀਟਰ ਕਾਹਨਪੁਰ ਤੋਂ ਪੈਦਲ ਚੱਲ ਕੇ ਰੂਪਨਗਰ ਆਪਣੇ ਪਿਤਾ ਕੋਲ ਆਇਆ ਸੀ। ਇਸਦੇ ਨਾਲ ਹੀ ਜ਼ਿਲੇ 'ਚ ਐਕਟਿਵ ਪਾਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 55 ਹੋ ਗਈ ਹੈ। ਰੂਪਨਗਰ ਸ਼ਹਿਰ ਦਾ ਇਕ 22 ਸਾਲਾ ਯੁਵਕ ਕਾਹਨਪੁਰ (ਯੂ. ਪੀ.) 'ਚ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ ਅਤੇ ਉਥੇ ਮਜ਼ਦੂਰੀ ਦਾ ਕੰਮ ਕਰਦਾ ਸੀ। ਪਰੰਤੂ ਅਚਾਨਕ ਲਾਕਡਾਊਨ ਹੋਣ ਕਾਰਣ ਉਸਦਾ ਰੋਜ਼ਗਾਰ ਸਮਾਪਤ ਹੋ ਗਿਆ। ਜਿਸ ਕਾਰਣ ਉਹ ਮਜਬੂਰਨ ਉਥੋਂ ਪੈਦਲ ਚੱਲ ਪਿਆ ਅਤੇ ਆਪਣੇ ਪਿਤਾ ਕੋਲ ਰੂਪਨਗਰ ਆ ਗਿਆ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਉਹ ਆਪਣੇ ਘਰ ਨਹੀ ਗਿਆ ਅਤੇ ਕੇਵਲ ਆਪਣੇ ਪਿਤਾ ਨੂੰ ਮਿਲਿਆ ਹੈ ਅਤੇ ਬਾਅਦ 'ਚ ਉਹ ਫਲੂ ਸੈਂਟਰ 'ਚ ਚਲਾ ਗਿਆ ਜਿਥੇ ਉਸ ਨੂੰ ਪਾਜੇਟਿਵ ਘੋਸ਼ਿਤ ਕੀਤਾ ਗਿਆ ਹੈ। ਜਿਸਨੂੰ ਹੁਣ ਰੂਪਨਗਰ ਹਸਪਤਾਲ ਦੇ ਆਇਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਇਸ ਕਾਰਣ ਰੂਪਨਗਰ ਸ਼ਹਿਰ ਦਾ ਉਸਦਾ ਰਿਹਾਇਸ਼ੀ ਖੇਤਰ ਸੀਲ ਕਰਨ ਦੀ ਕੋਈ ਜ਼ਰੂਰਤ ਨਹੀ ਹੈ।