ਸਿਡਨੀ : ਇਥੇ ਆਸਟਰੇਲੀਆ ਵਿਚ ਇਕ ਅਧਿਆਪਕ ਅਤੇ ਇਕ ਵਿਦਿਆਰਥਣ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਅਧਿਆਪਕ 'ਤੇ ਲੱਗੇ ਛੇੜਛਾੜ ਦੇ ਦੋਸ਼ਾਂ ਵਿਚ ਉਸ ਨੂੰ ਜੇਲ ਜਾਣਾ ਪੈ ਸਕਦਾ ਹੈ। ਆਸਟਰੇਲੀਆਈ ਕ੍ਰਿਸ਼ਚਿਨ ਕਾਲਜ ਜੀਲੋਂਗ ਦੇ ਡੇਨੀਅਲ ਜਮਪੱਤੀ ਨਾਮੀ ਇੱਕ ਸ਼ਾਦੀਸ਼ੁਦਾ 39 ਸਾਲਾ ਅਧਿਆਪਕ ਨੂੰ ਉਸਦੇ ਕਾਲਜ ਦੀ ਇੱਕ 17 ਸਾਲਾ ਨਬਾਲਗ ਵਿਦਿਆਰਥਣ ਨਾਲ ਪ੍ਰੇਮ ਸਬੰਧ ਬਣਾਉਣ ਕਾਰਨ ਇਹ ਮਾਮਲਾ ਉਲਝ ਗਿਆ ਹੈ। ਵਿਕਟੋਰੀਆ ਕਾਉਂਟੀ ਕੋਰਟ ਵੱਲੋਂ ਡੈਨੀਅਲ ਨੂੰ ਅਸ਼ਲੀਲ ਹਰਕਤਾਂ ਦੇ 10 ਦੋਸ਼ਾਂ ਵਿੱਚ ਦੋਸ਼ੀ ਮੰਨਦਿਆਂ ਉਸ ਦੀ ਜ਼ਮਾਨਤ ਸਜ਼ਾ ਬਾਰੇ ਫੈਸਲਾ ਹੋਣ ਤੱਕ ਰੱਦ ਕਰ ਦਿੱਤੀ ਗਈ । ਸਥਾਨਕ ਪੁਲਿਸ ਨੇ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ। ਜਿਕਰਯੋਗ ਹੈ ਕਿ ਇਹ ਮਾਮਲਾ ਸਾਲ 2016 ਦੌਰਾਨ ਸਾਹਮਣੇ ਆਇਆ ਜਦੋਂ ਉਸਨੂੰ ਕ੍ਰਿਸਚੀਅਨ ਕਾਲਜ ਜੀਲੋਂਗ ਦੀ ਇਕ ਸਾਥੀ ਅਧਿਆਪਕਾ ਨੇ ਅਚਾਨਕ 17 ਸਾਲ ਦੇ ਵਿਦਿਆਰਥਣ ਨੂੰ ਚੁੰਮਦੇ ਤੇ ਹੋਰ ਅਸ਼ਲੀਲ ਹਰਕਤਾਂ ਕਰਦੇ ਵੇਖਿਆ, ਇਸ ਤੋਂ ਬਾਦ ਸਾਰੀ ਘਟਨਾ ਦਾ ਖੁਲਾਸਾ ਉਸਦੀ ਪਤਨੀ ਨਾਲ ਸਾਂਝਾ ਕੀਤਾ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਸਕੂਲ ਪ੍ਰਿੰਸੀਪਲ ਨੂੰ ਸੂਚਿਤ ਕੀਤਾ ਜਿਸਨੇ ਅਧਿਆਪਕ ਨੂੰ ਬਰਖਾਸਤ ਕਰ ਦਿੱਤਾ । ਮਾਮਲੇ ਦੇ ਸੰਬੰਧਿਤ ਵਕੀਲ ਜੋਆਨ ਪਿਗਗੋਟ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਵੱਲੋਂ ਲੜਕੀ ਨੂੰ ਬਹੁਤ ਜ਼ਿਆਦਾ ਫ਼ੋਨ ਕਰਨਾ ਜਾਂ ਟੈਕਸਟ ਕਰਨਾ ਅਤੇ ਸਕੂਲ ਦੇ ਮੈਦਾਨਾਂ 'ਤੇ ਨਿਯਮਤ ਤੌਰ 'ਤੇ ਛੂਹਣਾ ਅਤੇ ਚੁੰਮਣਾ ਸ਼ਾਮਲ ਹੈ। ਡੇਨੀਅਲ ਨੇ ਅਪਣੇ 'ਤੇ ਲੱਗੇ ਦੋਸ਼ਾਂ ਨੂੰ ਅਦਾਲਤ ਵਿੱਚ ਕਬੂਲਿਆ । ਉਸਨੇ ਆਪਣੀ ਪਤਨੀ ਦੇ ਪ੍ਰਸ਼ਨ ਪੁੱਛਣ ਤੋਂ ਬਾਅਦ ਵਿਦਿਆਰਥਣ ਨੂੰ ਆਪਣੇ ਸੁਨੇਹੇ ਮਿਟਾਉਣ ਲਈ ਵੀ ਕਿਹਾ। ਪੀੜਤ ਨੇ ਅਪਰਾਧਿਕ ਦੋਸ਼ਾਂ ਬਾਰੇ ਦੱਸਦਿਆਂ 2019 ਵਿੱਚ ਪੁਲਿਸ ਨੂੰ ਇੱਕ ਰਿਪੋਰਟ ਦਿੱਤੀ ਸੀ। ਸੋਮਵਾਰ ਨੂੰ ਸੁਣਵਾਈ ਦੌਰਾਨ ਜੱਜ ਮਾਈਕਲ ਟਿੰਨੀ ਨੇ ਕਿਹਾ ਕਿ ਉਸਨੂੰ 'ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੂੰ ਜੇਲ ਜਾਣਾ ਪਏਗਾ' ਹਾਲਾਂਕਿ ਅਜੇ ਕਿਸੇ ਸਜ਼ਾ ਬਾਰੇ ਫੈਸਲਾ ਲੈਣਾ ਬਾਕੀ ਹੈ।