ਰੂਸੀ ਪੁਲਿਸ ਨੇ ਮਾਸਕੋ ਕੰਸਰਟ ਹਾਲ 'ਤੇ ਹੋਏ ਹਮਲੇ ਨੂੰ ਲੈ ਕੇ ਚਾਰ ਸ਼ੱਕੀਆਂ ਸਮੇਤ 11 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਐਫਐਸਬੀ ਸੁਰੱਖਿਆ ਸੇਵਾ ਦੇ ਮੁਖੀ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਵੇਰਵੇ ਦਿੱਤੇ ਹਨ।
ਰੂਸੀ ਸਮਾਚਾਰ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਹਮਲਾਵਰਾਂ ਨੇ ਮਾਸਕੋ ਦੇ 6200 ਵਿਅਕਤੀਆਂ ਦੀ ਸਮਰੱਥਾ ਵਾਲੇ ਸੰਗੀਤ ਸਥਾਨ ਕ੍ਰੋਕਸ ਸਿਟੀ ਹਾਲ 'ਤੇ ਹਮਲਾ ਕੀਤਾ, ਜਿਸ ਕਾਰਨ ਤਾਜ਼ਾ ਜਾਣਕਾਰੀ ਅਨੁਸਾਰ 93 ਲੋਕਾਂ ਦੀ ਮੌਤ ਹੋ ਗਈ ਹੈ। ਹਸਪਤਾਲ 'ਚ ਕਰੀਬ 107 ਲੋਕ ਦਾਖਲ ਹਨ।
ਰੂਸੀ ਰਾਕ ਬੈਂਡ ਪਿਕਨਿਕ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਮਾਸਕੋ ਦੇ ਇੱਕ ਕੰਸਰਟ ਹਾਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਦੌਰਾਨ 5 ਦੇ ਕਰੀਬ ਹਥਿਆਰਬੰਦ ਵਿਅਕਤੀ ਮਾਲ 'ਚ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਇਲਾਵਾ ਹਮਲਾਵਰਾਂ ਨੇ ਗ੍ਰੇਨੇਡ ਅਤੇ ਅੱਗ ਲਗਾਉਣ ਵਾਲੇ ਬੰਬਾਂ ਨਾਲ ਵੀ ਹਮਲਾ ਕੀਤਾ, ਜਿਸ ਕਾਰਨ ਮਾਲ ਦੀ ਛੱਤ 'ਤੇ ਭਿਆਨਕ ਅੱਗ ਲੱਗ ਗਈ ਅਤੇ ਉੱਪਰਲਾ ਹਿੱਸਾ ਸੜ ਗਿਆ।
ਰੂਸੀ ਅਧਿਕਾਰੀ ਹਮਲੇ ਤੋਂ ਬਾਅਦ ਘਟਨਾ ਦੀ ਲਗਾਤਾਰ ਜਾਂਚ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਸਮੇਂ-ਸਮੇਂ 'ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਅਪਡੇਟਸ ਦਿੰਦੇ ਰਹਿੰਦੇ ਹਨ।ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਖੂਨੀ ਅੱਤਵਾਦੀ ਕਾਰਵਾਈ ਦੱਸਿਆ ਅਤੇ ਵਿਸ਼ਵਵਿਆਪੀ ਨਿੰਦਾ ਦੀ ਅਪੀਲ ਕੀਤੀ।
ਇਸ ਹਮਲੇ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਇਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਇਕਜੁੱਟਤਾ ਦਿਖਾਉਣ ਦਾ ਸੱਦਾ ਦਿੱਤਾ। ਹਮਲੇ ਤੋਂ ਪਹਿਲਾਂ ਮਾਸਕੋ ਸਥਿਤ ਅਮਰੀਕੀ ਦੂਤਾਵਾਸ ਨੇ ਸੰਭਾਵਿਤ ਕੱਟੜਪੰਥੀ ਖਤਰਿਆਂ ਕਾਰਨ ਭੀੜ ਵਾਲੇ ਇਲਾਕਿਆਂ ਤੋਂ ਬਚਣ ਦੀ ਚਿਤਾਵਨੀ ਜਾਰੀ ਕੀਤੀ ਸੀ।