ਬਿਨ੍ਹਾਂ ਕਿਸੇ ਰਾਜਨੀਤੀ, ਪੱਖਪਾਤ, ਧਰਮ ਤੇ ਧੜੇਬੰਦੀ ਦੇ ਅਰਦਾਸੇ ਸੋਧੇ ਜਾਣਾ ਵੀ ਸਮੇਂ ਦੀ ਲੋੜ : ਸਖੀਰਾ
ਅੰਮ੍ਰਿਤਸਰ : ਕੋਵਿਡ-19 ਦੇ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਕੋਰੋਨਾ ਯੋਧਿਆਂ ਦੀ ਕਾਰਜ਼ਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜਿਹੜੇ ਵੀ ਵਰਗ ਇਸ ਮਹਾਮਾਰੀ ਦੌਰਾਨ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕਰ ਕੇ ਹੀ ਸਾਡੀ ਜ਼ਿੰਮੇਵਾਰੀ ਸਮਾਪਤ ਨਹੀਂ ਹੋ ਜਾਂਦੀ ਬਲਕਿ ਇਖਲਾਕੀ ਤੌਰ ਤੇ ਕੁੱਝ ਹੋਰ ਜ਼ਿੰਮੇਵਾਰੀਆਂ ਨਿਭਾਉਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੀ ਕਾਰਜ਼ਸ਼ੈਲੀ ਦੇ ਵਿੱਚ ਨਿਖਾਰ ਆਉਣ ਦੇ ਨਾਲ - ਨਾਲ ਉਹ ਕੁੱਝ ਭਾਰ ਮੁਕਤ ਵੀ ਹੋ ਸਕਣ। ਕਿਉਂਕਿ ਕੋਰੋਨਾ ਦੇ ਵਿਰੁੱਧ ਲੜਾਈ ਲੜਣ ਵਾਲੇ ਯੋਧਿਆਂ ਦੇ ਉੱਪਰ ਸਰਕਾਰੀ ਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਇਲਾਵਾ ਪਰਿਵਾਰਿਕ ਤੇ ਹੋਰ ਜ਼ਿੰਮੇਵਾਰੀਆਂ ਵੀ ਹਨ। ਉਨ੍ਹਾਂ ਦਾ ਸਰੀਰਿਕ ਤੇ ਮਾਨਸਿਕ ਤੌਰ ਤੇ ਇਸਤੇਮਾਲ ਹੋ ਰਿਹਾ ਹੈ। ਜਦੋਂ ਕਿ ਉਨ੍ਹਾਂ ਨੂੰ ਦਿਨ ਰਾਤ ਮਨੁੱਖਤਾ ਦੀ ਸੇਵਾ ਕਰਕੇ ਬੇਚੈਨੀ ਤੇ ਨਿਰਾਸ਼ਾ ਵੀ ਝਲੱਣੀ ਪੈ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫਤ ਦੇ ਦੌਰਾਨ ਜ਼ਿੱਥੇ ਆਪਣੇ ਹੀ ਆਪਣਿਆਂ ਤੋਂ ਮੁੂੰਹ ਮੋੜ ਰਹੇ ਹੋਣ ਉੱਥੇ ਕੁੱਝ ਗਿਣੇ ਮਿਣੇ ਵਰਗਾਂ ਦੇ ਵੱਲੋਂ ਆਪਣੀ ਜਾਨ ਤੇ ਮਾਲ ਦੀ ਪਰਵਾਹ ਕੀਤੇ ਬਗੈਰ ਮਨੁੱਖਤਾ ਦੀ ਦੀ ਸੇਵਾ ਲਈ ਆਪਣਾ ਆਪ ਵਾਰਨ ਵਰਗੀ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ। ਇਸ ਲਈ ਇੰਨ੍ਹਾਂ ਕੋਰੋਨਾ ਯੋਧਿਆਂ ਦੀ ਹੌਂਸਲਾ ਅਫਜਾਈ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਸਾਥ ਦੇਣ ਦਾ ਵੀ ਹਰ ਇੱਕ ਦਾ ਫਰਜ਼ ਹੈ ਤਾਂ ਜੋ ਮਨੁੱਖਤਾ ਦੀ ਸੇਵਾ ਕਾਰਜਾਂ ਦੇ ਵਿੱਚ ਕੋਈ ਖੜੌਤ ਨਾ ਆਵੇ ਸਗੋਂ ਹੋਰ ਵੀ ਹੁਲਾਰਾ ਆ ਸਕੇ। ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜੋ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਗਠਨ ਅਜੋਕੇ ਦੌਰ ਵਿੱਚ ਕੋਰੋਨਾ ਵਾਇਰਸ ਦੇ ਖਿਲਾਫ ਮੁਹਿੰਮ ਵਿੱਢੀ ਬੈਠੇ ਹਨ ਉਨ੍ਹਾਂ ਦੀ ਪ੍ਰਸ਼ੰਸਾ ਕਰਨਾ ਹਰ ਇੱਕ ਦਾ ਫਰਜ਼ ਬਣਦਾ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਇੰਨ੍ਹਾਂ ਦੀ ਚੜ੍ਹਦੀ ਕਲਾ ਲਈ ਬਿਨ੍ਹਾਂ ਕਿਸੇ ਰਾਜਨੀਤੀ, ਪੱਖਪਾਤ, ਧਰਮ ਤੇ ਧੜੇਬੰਦੀ ਦੇ ਅਰਦਾਸੇ ਸੋਧੇ ਜਾਣਾ ਵੀ ਸਮੇਂ ਦੀ ਲੋੜ ਹੈ।