ਵਾਸ਼ਿੰਗਟਨ : ਅਮਰੀਕਾ ਦੇ ਉੱਤਰੀ ਸੂਬੇ ਇੰਡੀਆਨਾ ਦੀ ਰਾਜਧਾਨੀ ਇੰਡੀਆਨਾ ਪੁਲਿਸ ਵਿਚ ਵੱਖ-ਵੱਖ ਥਾਵਾਂ 'ਤੇ ਪੁਲਸ ਦੀ ਗੋਲੀ ਲੱਗਣ ਕਾਰਨ ਗਰਭਵਤੀ ਮਹਿਲਾ ਸਣੇ ਤਿੰਨ ਲੋਕਾਂ ਦੀ ਮੌਤ ਦੀ ਘਟਨਾ ਨਾਲ ਗੁੱਸੇ ਵਿਚ ਆਏ ਲੋਕ ਵੀਰਵਾਰ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਉਤਰ ਆਏ ਤੇ ਪੁਲਿਸ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਸਥਾਨਕ ਮੀਡੀਆ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਗੋਲੀਬਾਰੀ ਦੀਆਂ ਘਟਨਾਵਾਂ ਬੁੱਧਵਾਰ ਰਾਤ ਹੋਈਆਂ ਸਨ, ਜਿਸ ਵਿਚ ਦੋ ਪੁਰਸ਼ਾਂ ਤੇ ਇਕ ਮਹਿਲਾ ਦੀ ਮੌਤ ਹੋ ਗਈ ਸੀ। ਇਹਨਾਂ ਘਟਨਾਵਾਂ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਪੁਲਿਸ ਕਾਰਵਾਈ ਦੇ ਵਿਰੋਧ ਵਿਚ ਰਾਤ ਵੇਲੇ ਤੇ ਦੂਜੇ ਦਿਨ ਵੀ ਲੋਕਾਂ ਦੀ ਭੀੜ ਸੜਕਾਂ 'ਤੇ ਉਤਰ ਆਈ ਅਤੇ ਘਟਨਾ 'ਤੇ ਆਪਣਾ ਵਿਰੋਧ ਜ਼ਾਹਿਰ ਕੀਤਾ।

ਇੰਡੀਆਨਾ ਪੁਲਿਸ ਮੁਖੀ ਰੇਂਡਲ ਟਾਈਲਪ ਨੇ ਕਿਹਾ ਕਿ ਇਹ ਦੁੱਖਦ ਘਟਨਾ ਹੈ। ਇੰਡੀਆਨਾ ਮੈਟ੍ਰੋਪਾਲਿਟਨ ਪੁਲਿਸ ਨੇ ਘਟਨਾਵਾਂ ਦੀ ਨਿਰਪੱਖ ਜਾਂਚ ਦੀ ਵਚਨਬੱਧਤਾ ਵਿਅਕਤ ਕੀਤੀ। ਰਿਪੋਰਟਾਂ ਮੁਤਾਬਕ ਪਹਿਲੀ ਘਟਨਾ ਉਸ ਵੇਲੇ ਹੋਈ ਜਦੋਂ ਇਕ ਵਿਅਕਤੀ ਨੇ ਆਪਣਾ ਪਿੱਛਾ ਕਰ ਰਹੇ ਪੁਲਿਸ ਕਰਮਚਾਰੀਆਂ 'ਤੇ ਗੋਲੀ ਚਲਾਈ। ਜਵਾਬੀ ਕਾਰਵਾਈ ਵਿਚ ਪੁਲਸ ਨੇ ਵੀ ਗੋਲੀ ਚਲਾਈ। ਇਸ ਦੌਰਾਨ ਪੁਲਿਸਦੀ ਗੋਲੀ ਲੱਗਣ ਕਾਰਣ ਵਿਅਕਤੀ ਦੀ ਮੌਤ ਹੋ ਗਈ। ਤਕਰੀਬਨ 8 ਘੰਟੇ ਬਾਅਦ ਦੂਜੀ ਘਟਨਾ ਸਾਹਮਣੇ ਆਈ ਜਦੋਂ ਚੋਰੀ ਦੇ ਮਾਮਲੇ ਦੀ ਜਾਂਚ ਤਹਿਤਪੁਲਿਸ ਇਕ ਅਪਾਰਟਮੈਂਟ ਵਿਚ ਪਹੁੰਚੀ। ਇਸ ਦੌਰਾਨ ਇਕ ਹਥਿਆਰਬੰਦ ਵਿਅਕਤੀ ਨੇ ਪੁਲਿਸ ਦੇ ਚਾਰ ਅਧਿਕਾਰੀਆਂ 'ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਪੁਲਿਸਨੇ ਵੀ ਜਵਾਬੀ ਫਾਇਰਿੰਗ ਕੀਤੀ। ਪੁਲਸ ਦੀ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਹੋਰ ਘਟਨਾ ਵਿਚ ਐਕਸਪ੍ਰੈੱਸ ਵੇਅ 'ਤੇ ਤੁਰ ਰਹੀ ਇਕ ਗਰਭਵਤੀ ਮਹਿਲਾ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਨਾਗਰਿਕ ਅਧਿਕਾਰ ਸਮੂਹਾਂ ਨੇ ਘਟਨਾ ਦੀ ਜਾਂਚ ਦਾ ਸੱਦਾ ਦਿੱਤਾ ਹੈ।