ਖਨੌਰੀ ਬਾਰਡਰ 'ਤੇ 21 ਫਰਵਰੀ ਨੂੰ ਹਰਿਆਣਾ ਪੁਲਸ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਗਈ ਗੋਲ਼ੀਬਾਰੀ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਇਸ ਗੱਲ ’ਤੇ ਅੜੀਆਂ ਹੋਈਆਂ ਹਨ ਕਿ ਸ਼ੁਭਕਰਨ ਨੂੰ ਮਾਰਨ ਵਾਲੇ ਹਰਿਆਣਾ ਪੁਲਸ ਦੇ ਦੋਸ਼ੀਆਂ ’ਤੇ 302 ਦਾ ਕੇਸ ਦਰਜ ਕੀਤਾ ਜਾਵੇ।
ਓਧਰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਕਿਸਾਨ ਸ਼ੁਭਕਰਨ ਦੀ ਮ੍ਰਿਤਕ ਦੇਹ ਪਈ ਹੈ, ਜਿਸ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ। ਕਿਸਾਨਾਂ ਵਲੋਂ ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਰਾਜਿੰਦਰਾ ਹਸਪਤਾਲ ਦੇ ਬਾਹਰ ਪਹਿਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਥੋ ਹਿੱਲਾਂਗੇ ਨਹੀਂ, ਸਾਨੂੰ ਡਰ ਹੈ ਕਿ ਸਰਕਾਰ ਦਬਾਅ ਪਾ ਕੇ ਕਿਤੇ ਕਿਸਾਨ ਦਾ ਪੋਸਟਮਾਰਟਮ ਨਾ ਕਰਵਾ ਦੇਵੇ।
ਕਿਸਾਨ ਹਸਪਤਾਲ ਦੇ ਬਾਹਰ ਟਰਾਲੀਆਂ ਵਿਚ ਪਹੁੰਚੇ ਹਨ। ਇਸ ਵੇਲੇ ਰਾਜਿੰਦਰਾ ਹਸਪਤਾਲ ’ਚ 100 ਦੇ ਕਰੀਬ ਕਿਸਾਨ ਮੌਜੂਦ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਬਾਹਰ 4 ਤੋਂ 5 ਕਿਸਾਨ ਰਹਿਣਗੇ, ਬਾਕੀ ਕਿਸਾਨ ਟਰਾਲੀਆਂ 'ਚ ਬੈਠਣਗੇ। ਪੁਲਸ ਵੱਲੋਂ ਵੀ ਹਸਪਤਾਲ ਦੇ ਬਾਹਰ ਸਖਤ ਸੁਰੱਖਿਆ ਕੀਤੀ ਜਾ ਰਹੀ ਹੈ।