ਚੰਡੀਗੜ੍ਹ : ਪੰਜਾਬ ਦੇ ਨਾਲ ਲੱਗਦੇ ਚੰਡੀਗੜ੍ਹ ਵਿਚ 4 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ। ਪਰ ਠੇਕੇ ਖੁੱਲ੍ਹਣ ਪਿੱਛੋਂ ਇਥੇ ਕਾਫੀ ਭੀੜ ਵੇਖੀ ਗਈ ਜਿਸ ਪਿੱਛੋਂ ਪੰਜਾਬ ਸਰਕਾਰ ਸ਼ਰਾਬ ਦੀ ਹੋਮ ਡਿਲੀਵਰੀ ਵਾਲਾ ਫਾਰਮੂਲਾ ਅਪਣਾਉਣ ਚਾਹੁੰਦੀ ਹੈ। ਦੱਸ ਦਈਏ ਕੇ ਪੰਜਾਬ ਸਰਕਾਰ ਨੂੰ ਸ਼ਰਾਬ ਦੀ ਵਿਕਰੀ ਤੋਂ ਮੋਟੀ ਕਮਾਈ ਹੁੰਦੀ ਹੈ ਪਰ ਲੌਕਡਾਊਨ ਕਾਰਨ ਸਰਕਾਰ ਨੂੰ ਠੇਕੇ ਬੰਦ ਕਰਨ ਦਾ ਫੈਸਲਾ ਲੈਣਾ ਪਿਆ। ਇਸ ਪਿੱਛੋਂ ਪੰਜਾਬ ਸਰਕਾਰ ਨੇ ਠੇਕੇ ਮੁੜ ਖੋਲਣ ਲਈ ਕੇਂਦਰ ਕੋਲ ਵੀ ਪਹੁੰਚ ਕੀਤੀ ਸੀ ਪਰ ਕੋਰਾ ਜਵਾਬ ਮਿਲਿਆ ਸੀ। ਹੁਣ ਲੌਕਡਾਊਨ ਦਾ ਦੂਜਾ ਪੜਾਅ ਖਤਮ ਹੋਣ ਪਿੱਛੋਂ ਕੇਂਦਰ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਹੋਵੇਗੀ। ਇਹੀ ਪਤਾ ਲੱਗਾ ਹੈ ਕਿ ਆਬਕਾਰੀ ਤੇ ਕਰ ਵਿਭਾਗ ਵੱਲੋਂ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ।