ਕਿਸਾਨਾਂ ਦੇ ‘ਦਿੱਲੀ ਚੱਲੋ ਮਾਰਚ’ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਅਹਿਮ ਐਲਾਨ ਕੀਤਾ ਹੈ।
ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਕਿਸਾਨਾਂ ਪ੍ਰਤੀ ਇਹੀ ਰਵੱਈਆ ਰਿਹਾ ਤਾਂ ਮੈਂ ਭੁੱਖ ਹੜਤਾਲ ਉਤੇ ਬੈਠਾਂਗਾ। ਇਸ ਦੌਰਾਨ ਉਨ੍ਹਾਂ ਨੇ ਮੌਜੂਦਾ ਕਿਸਾਨ ਅੰਦੋਲਨ ਅਤੇ ਸਰਕਾਰ ਦੀ ਪ੍ਰਤੀਕਿਰਿਆ ਬਾਰੇ ਟਿੱਪਣੀ ਕੀਤੀ।
ਸੱਤਿਆਪਾਲ ਮਲਿਕ ਨੇ ਕਿਹਾ, “ਇਸ ਸਮੇਂ ਪੂਰੀ ਦੁਨੀਆਂ ਵਿੱਚ ਕਿਸਾਨ ਅੰਦੋਲਨ ਚੱਲ ਰਹੇ ਹਨ, ਯੂਰਪ ਦੇ ਕਈ ਦੇਸਾਂ ਵਿਚ ਕਿਸਾਨ ਅੰਦੋਲਨ ਕਰ ਰਹੇ ਹਨ ਪਰ ਕਿਤੇ ਵੀ ਸਰਕਾਰਾਂ ਉਹ ਸਲੂਕ ਨਹੀਂ ਕਰ ਰਹੀਆਂ ਜੋ ਇਥੇ ਹੋ ਰਿਹਾ ਹੈ। ਕੰਢਿਆਲੀਆਂ ਤਾਰਾਂ ਵਿਛਾਈਆਂ ਗਈਆਂ ਹਨ, ਟੋਏ ਪੁੱਟੇ ਜਾ ਰਹੇ ਹਨ”।
ਉਨ੍ਹਾਂ ਨੇ ਕਿਹਾ, “ਕਿਹੜੀ ਆਫ਼ਤ ਆ ਜਾਵੇਗੀ ਜੇ ਕਿਸਾਨ ਆ ਕੇ 10 ਦਿਨ ਬੈਠ ਜਾਣਗੇ। ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਮੰਨੋ ਨਹੀਂ ਮੰਨਣੀਆਂ ਤਾਂ ਘੱਟੋ-ਘੱਟ ਉਨ੍ਹਾਂ ਨੂੰ ਅਪਣੀ ਗੱਲ ਰੱਖਣ ਦੀ ਇਜਾਜ਼ਤ ਦਿਉ।”
ਸੱਤਿਆਪਾਲ ਮਲਿਕ ਨੇ ਕਿਹਾ, “ਜੇ ਸਰਕਾਰ ਦਾ ਇਹੀ ਰਵੱਈਆ ਰਿਹਾ ਤਾਂ ਮੈਂ ਗਾਂਧੀ ਸਮਾਧੀ ਜਾਂ ਕਿਤੇ ਹੋਰ ਜਾ ਕੇ ਭੁੱਖ ਹੜਤਾਲ ਕਰਾਂਗਾ ਅਤੇ ਮੈਂ ਅਪਣੇ-ਆਪ ਨੂੰ ਇਸ ਅੰਦੋਲਨ ਨਾਲ ਜੋੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ।”