ਨਵੀਂ ਦਿੱਲੀ : ਲਾਕਡਾਊਨ-3 ਦੇ ਪਹਿਲੇ ਹੀ ਦਿਨ ਮਿਲੀ ਛੋਟ ਕਾਰਨ ਦਿੱਲੀ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਇਕੱਠੇ ਹੋਏ ਅਤੇ ਸਮਾਜਕ ਦੂਰੀ ਦੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ। ਜਿਸ ਕਾਰਨ ਕਈ ਥਾਵਾਂ 'ਤੇ ਅਫੜਾ-ਦਫੜੀ ਵਾਲੀ ਸਥਿਤੀ ਬਣ ਗਈ। ਸੂਬੇ ਵਿਚ ਬਣੀ ਅਜਿਹੀ ਸਥਿਤੀ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਕੀਤਾ ਤਾਂ ਅਸੀਂ ਪੂਰਾ ਇਲਾਕਾ ਸੀਲ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਪਹਿਨਣਾ ਜ਼ਰੂਰੀ ਹੈ। ਮੈਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਤਿੰਨ ਚੀਜ਼ਾਂ ਨੂੰ ਯਕੀਨੀ ਬਣਾਉਣ- ਮਾਸਕ ਪਹਿਨਣ, ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ, ਸਮਾਜਕ ਦੂਰੀ ਦਾ ਪਾਲਣ ਕਰੋ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਧੋਵੋ। ਕੇਜਰੀਵਾਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਲੋਕਾਂ ਦੀ ਸਿਹਤ ਲਈ ਜੇਕਰ ਮੈਨੂੰ ਸਖਤ ਕਦਮ ਚੁੱਕਣੇ ਪਏ ਤਾਂ ਮੈਂ ਚੁੱਕਾਂਗਾ। ਕਿਤੇ ਜੇਕਰ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਤਾਂ ਸਾਨੂੰ ਉਸ ਇਲਾਕੇ ਨੂੰ ਸੀਲ ਕਰਨਾ ਹੋਵੇਗਾ। ਇਸ ਲਈ ਮੇਰੀ ਦਿੱਲੀ ਵਾਸੀਆਂ ਨੂੰ ਬੇਨਤੀ ਹੈ ਕਿ ਜੋ ਰਿਆਇਤਾਂ ਦਿੱਤੀਆਂ ਗਈਆਂ ਹਨ, ਉਸ 'ਚ ਸਹਿਯੋਗ ਕਰੋ। ਅਸੀਂ ਦਿੱਲੀ ਨੂੰ ਹੌਲੀ-ਹੌਲੀ ਖੋਲ੍ਹ ਰਹੇ ਹਾਂ। ਅਸੀਂ ਉਦੋਂ ਤੱਕ ਲਾਕਡਾਊਨ ਵਿਚ ਰਹਾਂਗੇ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਦੁਕਾਨ ਦੇ ਸਾਹਮਣੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਉਸ ਨੂੰ ਵੀ ਸੀਲ ਕਰਾਂਗੇ। ਦੁਕਾਨਦਾਰਾਂ ਨੂੰ ਜ਼ਿੰਮੇਵਾਰੀ ਲੈਣੀ ਹੋਵੇਗੀ। ਸਾਨੂੰ ਸਾਰਿਆਂ ਨੂੰ ਮਿਲ ਕੇ ਕੋਰੋਨਾ ਨੂੰ ਹਰ ਹਾਲ ਵਿਚ ਹਰਾਉਣਾ ਹੈ।