ਨਵੀਂ ਦਿੱਲੀ: ਦੇਸ਼ ਵਿੱਚ ਫੈਲੀ ਮਹਾਮਾਰੀ ਲਗਾਤਾਰ ਆਪਣੇ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਤਾਜ਼ਾ ਜਾਣਕਾਰੀ ਰਾਜਧਾਨੀ ਦਿੱਲੀ ਤੋਂ ਹੈ ਜਿਥੇ ਇਕ ਇਮਾਰਤ ਵਿੱਚੋਂ 41 ਲੋਕ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਦਿੱਲੀ ਦੇ ਕਾਪਸਹੇੜਾ ਇਲਾਕੇ ਵਿਚ 'ਠੇਕੇ ਵਾਲੀ ਗਲੀ' ਦੀ ਇਕ ਹੀ ਇਮਾਰਤ ਵਿਚ ਪਾਏ ਗਏ 41 ਕੋਰੋਨਾ ਵਾਇਰਸ ਮਰੀਜ਼ਾਂ ਦੇ ਪਿਛੇ ਕਿਤੇ ਨਾ ਕਿਤੇ ਸੰਘਣੀ ਆਬਾਦੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਦੱਖਣੀ-ਪੱਛਮੀ ਦਿੱਲੀ ਦੇ ਜ਼ਿਲਾ ਮੈਜਿਸਟ੍ਰੇਟ ਰਾਹੁਲ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਇਕ ਹੀ ਇਮਾਰਤ ਵਿਚ ਜੋ 41 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਹ ਸਾਰੇ ਇਕ ਹੀ ਟਾਇਲਟ ਦਾ ਇਸਤੇਮਾਲ ਕਰ ਰਹੇ ਸਨ। ਮੈਜਿਸਟ੍ਰੇਟ ਮੁਤਾਬਕ ਉੱਥੇ ਕਰੀਬ 200 ਲੋਕ ਰਹਿੰਦੇ ਹਨ। ਛੋਟੇ ਮਕਾਨ ਅਤੇ ਸੰਘਣੀ ਆਬਾਦੀ ਦੀ ਵਜ੍ਹਾ ਕਰ ਕੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਦੇ ਬਰਾਬਰ ਸੀ। ਇਸ ਤੋਂ ਇਲਾਵਾ ਕਾਪਸਹੇੜਾ ਇਲਾਕੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਣ ਦਾ ਵੀ ਖਦਸ਼ਾ ਹੈ।