ਪਟਿਆਲਾ : ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਪਿਛਲੇ ਸਮੇਂ ਦੌਰਾਨ ਅਦਾਲਤਾਂ 'ਚ ਕੰਮ ਰੋਕ ਦਿੱਤਾ ਗਿਆ ਸੀ ਪਰ ਹੁਣ ਵਕੀਲਾਂ ਲਈ ਰਾਹਤ ਭਰੀ ਖਬਰ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਕਚਹਿਰੀਆਂ ਵੱਲੋਂ ਹੁਣ ਨਵੀਂ ਪਹਿਲਕਦਮੀ ਕਰਦਿਆਂ ਜ਼ਰੂਰੀ ਕੇਸਾਂ ਦੀ ਸੁਣਵਾਈ ਹੁਣ ਵੀਡਿਓ ਕਾਨਫਰੰਸਿੰਗ ਰਾਹੀਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਵੀਡਿਓ ਕਾਨਫਰੰਸਿੰਗ ਰਾਹੀਂ ਰੋਜ਼ਾਨਾ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਵਕੀਲ ਆਪਣੇ ਦਫ਼ਤਰ ਜਾਂ ਘਰ ਤੋਂ ਹੀ ਕੇਸ ਦੀ ਪੈਰਵਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਵਕੀਲਾਂ ਕੋਲ ਦਫ਼ਤਰ ਜਾਂ ਘਰ 'ਚ ਵੀਡਿਓ ਕਾਨਫ਼ਰੰਸ ਕਰਨ ਲਈ ਜ਼ਰੂਰੀ ਯੰਤਰ ਨਹੀਂ ਹਨ ਉਨ੍ਹਾਂ ਲਈ ਕੋਰਟ ਕੰਪਲੈਕਸ ਵਿਖੇ ਵੀ ਇਕ ਵੱਖਰਾ ਰੂਮ ਤਿਆਰ ਕੀਤਾ ਗਿਆ ਹੈ, ਜਿੱਥੋਂ ਉਹ ਵੀਡਿਓ ਕਾਨਫ਼ਰੰਸ ਰਾਹੀਂ ਆਪਣੇ ਕੇਸ ਦੀ ਪੈਰਵਾਈ ਕਰ ਸਕਣਗੇ।