ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਸੂਬੇ 'ਚ ਕੋਰੋਨਾ ਵਾਇਰਸ ਪੀੜਤਾਂ ਦੇ 105 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ 34 ਜ਼ਿਲਾ ਲੁਧਿਆਣਾ ਤੋਂ, 28 ਅੰਮ੍ਰਿਤਸਰ, 13 ਮੋਹਾਲੀ, 7 ਤਰਨਤਾਰਨ, 6 ਕਪੂਰਥਲਾ, 3-3 ਗੁਰਦਾਸਪੁਰ, ਜਲੰਧਰ ਅਤੇ ਮੁਕਤਸਰ ਸਾਹਿਬ, 2-2 ਸੰਗਰੂਰ ਅਤੇ ਰੂਪਨਗਰ, 1-1 ਮੋਗਾ ਤੇ ਐੱਸ.ਬੀ.ਐੱਸ. ਨਗਰ, ਪਟਿਆਲਾ ਅਤੇ ਫਿਰੋਜ਼ਪੁਰ ਤੋਂ ਰਿਪੋਰਟ ਹੋਏ ਹਨ। ਇਸ ਤਰ੍ਹਾਂ ਵੀਰਵਾਰ ਨੂੰ ਸੂਬੇ 'ਚ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਏ ਗਏ ਮਾਮਲਿਆਂ ਦਾ ਅੰਕੜਾ 480 ਤੱਕ ਪਹੁੰਚ ਗਿਆ ਹੈ। ਸੂਬਾ ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਵੀਰਵਾਰ ਤੱਕ 21, 205 ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ 'ਚੋਂ 480 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਦਕਿ 17, 286 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਰਹੀ ਹੈ। ਹਾਲਾਂਕਿ 3, 439 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਲਾਜ ਤੋਂ ਬਾਅਦ ਠੀਕ ਹੋਣ 'ਤੇ 104 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ 20 ਮਰੀਜ਼ਾਂ ਦੀ ਇਸ ਦੌਰਾਨ ਮੌਤ ਹੋ ਗਈ।