ਸਟੈਨੋ ਵਿਦਿਆਰਥੀਆਂ ਵਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ (IAS) ਚੇਅਰਮੈਨ ਅਤੇ ਮੈਨੇਜਮੈਂਟ ਐਸ.ਐਸ. ਐਸ. ਬੋਰਡ ਮੁਹਾਲੀ ਦਾ ਕੀਤਾ ਧੰਨਵਾਦ
3 ਨਵੰਬਰ ਦਿਨ ਸ਼ੁਕਰਵਾਰ ਨੂੰ ਸਟੈਨੋ ਅਤੇ ਜੂਨੀਅਰ ਸਕੇਲ ਵਿੱਚ ਸਿਲੈਕਟ ਹੋਏ ਉਮੀਦਵਾਰ ਐਸ. ਐਸ. ਐਸ. ਬੋਰਡ ਮੁਹਾਲੀ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਬੋਰਡ ਅਤੇ ਚੇਅਰਮੈਨ ਸਾਬ ਆਈ. ਏ. ਐਸ ਸ੍ਰੀ ਕ੍ਰਿਸ਼ਨ ਕੁਮਾਰ ਜੀ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ। ਉਮੀਦਵਾਰਾਂ ਦਾ ਕਹਿਣਾ ਹੈ ਕਿ ਕਰੀਬ 7-8 ਸਾਲਾਂ ਬਾਦ ਸਟੈਨੋ ਅਤੇ ਜੂਨੀਅਰ ਸਕੇਲ ਸਟੈਨੇਗ੍ਰਾਫਰਾਂ ਦੀ ਭਰਤੀ ਹੋਣ ਜਾ ਰਹੀ ਹੈ ਜਿਸ ਵਿੱਚ 418 ਸਟੈਨੋ ਅਤੇ 29 ਜੂਨੀਅਰ ਸਕੇਲ ਸਟੈਨੇਗ੍ਰਾਫਰਾਂ ਦੀ ਸੂਚੀ ਜਾਰੀ ਪਹਿਲਾਂ ਹੀ ਕਰ ਦਿੱਤੀ ਗਈ ਹੈ।
ਉਮੀਦਵਾਰਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ ਇਹ ਭਰਤੀ ਕਾਫੀ ਤੇਜੀ ਨਾਲ ਹੋ ਰਹੀ ਹੈ ਅਤੇ ਭਰਤੀ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਹੋਈ ਹੈ, ਜਿਸ ਵਿਚ ਆਮ ਘਰਾਂ ਦੇ ਬੱਚੇ ਨੌਕਰੀਆਂ ਤੇ ਲੱਗਣ ਜਾ ਰਹੇ ਹਨ। ਮਿਹਨਤੀ ਅਤੇ ਲੰਮੇ ਸਮੇਂ ਤੋਂ ਤਿਆਰੀ ਕਰਦੇ ਉਮੀਦਵਾਰ ਇਸ ਭਰਤੀ ਵਿੱਚ ਨਿੱਤਰੇ ਹਨ ਅਤੇ ਪਾਸ ਹੋ ਕੇ ਮੈਰਿਟ ਵਿੱਚ ਆਏ ਹਨ। ਉਮੀਦਵਾਰਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਬਾਦ ਭਰਤੀ ਹੋਣ ਕਾਰਨ ਇਸ ਭਰਤੀ ਦੀ ਮੈਰਿਟ ਉਮੀਦ ਨਾਲੋਂ ਕਾਫੀ ਉੱਚੀ ਰਹੀ ਹੈ।
ਉਮੀਦਵਾਰਾਂ ਨੇ ਬੋਰਡ ਅਤੇ ਸਰਕਾਰ ਨੂੰ ਗੁਹਾਰ ਲਗਾਈ ਕਿ ਇਸ ਦੀਵਾਲੀ ਤੋਂ ਪਹਿਲਾਂ ਭਰਤੀ ਦੇ ਰਹਿੰਦੇ ਪੱਖਾਂ ਨੂੰ ਵੀ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਅਤੇ ਉਹਨਾਂ ਨੂੰ ਜੁਆਇਨਿੰਗ ਲੈਟਰ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਪਾਸੋਂ ਦਿਵਾਏ ਜਾਣ ਤਾਂ ਜੋ ਇਸ ਦੀਵਾਲੀ ਤੇ ਉਹ ਆਪਣੇ ਘਰਦਿਆਂ ਅਤੇ ਆਪਣੀ ਜ਼ਿੰਦਗੀ ਵਿੱਚ ਪਸਰੇ ਹੋਏ ਹਨੇਰੇ ਨੂੰ ਖੁਸ਼ੀਆਂ ਦੇ ਦੀਪ ਨਾਲ ਦੂਰ ਕਰ ਸਕਣ ਅਤੇ ਉਹ ਜਲਦ ਅਹੁਦਿਆਂ ਤੇ ਪਹੁੰਚ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰ ਸਕਣ। ਇਸ ਮੌਕੇ ਉਮੀਦਵਾਰ , ਹਰਵਿੰਦਰ ਸਿੰਘ, ਸੁਰੇਸ਼ ਕੁਮਾਰ, ਹਰਿੰਦਰ ਸਿੰਘ, ਸੁਖਵਿੰਦਰ ਸਿੰਘ, ਪੂਜਾ ਸ਼ਰਮਾ, ਚਮਨ ਸਿੰਘ, ਕੁਲਵੀਰ ਸਿੰਘ, ਵਿਸ਼ਵਦੀਪ ਸਿੰਘ, ਨਿਰਮਲ ਸਿੰਘ, ਹਰਸ਼ਨਪ੍ਰੀਤ ਕੌਰ, ਸਮੀਨਾ ਅਤੇ ਹਰਪ੍ਰੀਤ ਕੌਰ ਹਾਜਰ ਰਹੇ।