ਕੋਟਕਪੂਰਾ : ਦੇਸ਼ ਭਰ 'ਚ ਅਚਾਨਕ ਲੱਗੀ ਤਾਲਾਬੰਦੀ ਕਾਰਨ ਪੰਜਾਬ ਤੋਂ ਬਾਹਰਲੇ ਰਾਜਾਂ 'ਚ ਫਸੇ ਗਰੀਬ ਮਜਦੂਰਾਂ ਨੂੰ ਲੈਣ ਗਏ ਸਰਕਾਰੀ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ, ਹੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਟੋਲ ਟੈਕਸ ਦੇ ਨਾਂਅ 'ਤੇ ਗੁੰਡਾਗਰਦੀ ਕਰ ਕੇ ਉਨਾਂ ਨੂੰ ਜਲੀਲ ਕਰਨ ਦੀ ਖਬਰ ਮਿਲੀ ਹੈ। ਪਤਾ ਲੱਗਾ ਹੈ ਕਿ ਜੇਕਰ ਪੀਆਰਟੀਸੀ ਦੇ ਜਨਰਲ ਮੈਨੇਜਰ ਅਤੇ ਇੰਸਪੈਕਟਰ ਵਲੋਂ ਸਾਵਧਾਨੀ ਨਾ ਵਰਤੀ ਜਾਂਦੀ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਪੀਆਰਟੀਸੀ ਦੇ ਇੰਸਪੈਕਟਰ ਸੁਖਚਰਨ ਸਿੰਘ ਸੇਖੋਂ ਨੇ ਦੱਸਿਆ ਕਿ ਰਾਜਸਥਾਨ ਦੇ ਵੱਖ ਵੱਖ ਇਲਾਕਿਆਂ 'ਚ ਹਜਾਰਾਂ ਦੀ ਗਿਣਤੀ 'ਚ ਫਸੇ ਪੰਜਾਬੀ ਮਜਦੂਰਾਂ ਨੂੰ ਲਿਆਉਣ ਲਈ ਪੰਜਾਬ ਤੋਂ ਪੀਆਰਟੀਸੀ ਦੀਆਂ 23 ਤੇ ਪੰਜਾਬ ਰੋਡਵੇਜ ਦੀਆਂ 37 ( ਕੁੱਲ 60) ਬੱਸਾਂ ਗਈਆਂ ਸਨ, ਉਹ ਆਪਣੇ ਜਨਰਲ ਮੈਨੈਜਰ (ਜੀ.ਐੱਮ.) ਰਮਨ ਸ਼ਰਮਾ ਨਾਲ ਸਰਕਾਰੀ ਗੱਡੀ 'ਚ ਸੀ।
ਜਨਰਲ ਮੈਨੇਜਰ ਅਤੇ ਹੋਰ ਅਧਿਕਾਰੀਆਂ ਨਾਲ ਵੀ ਕੀਤੀ ਬਦਤਮੀਜ਼ੀ
|
ਬੀਕਾਨੇਰ ਨੇੜੇ ਨਉਖੜਾ ਦੇ ਟੋਲ ਟੈਕਸ 'ਤੇ ਗੁੰਡਿਆਂ ਨੇ ਉਨਾਂ ਨੂੰ ਘੇਰ ਲਿਆ ਅਤੇ ਤੇਜਧਾਰ ਹਥਿਆਰਾਂ ਦਾ ਡਰਾਵਾ ਦੇਣ ਲੱਗੇ। ਉਨਾਂ ਪੀਆਰਟੀਸੀ ਦੇ ਪੰਜਾਬ ਤੋਂ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਨਾਲ ਸੰਪਰਕ ਕੀਤਾ ਤੇ ਸਬੱਬ ਨਾਲ ਬੱਬੂ ਬਰਾੜ ਵੀ ਬੀਕਾਨੇਰ ਨੇੜੇ ਸਥਿੱਤ ਆਪਣੀ ਰਿਹਾਇਸ਼ ਨੇੜਲੀ ਜਮੀਨ 'ਚ ਉੱਘੀ ਕਣਕ ਦੀ ਫਸਲ ਸੰਭਾਲਣ ਲਈ ਉੱਥੇ ਹੀ ਸਨ। ਉਨਾਂ ਅਤੇ ਤਰਨਤਾਰਨ ਤੋਂ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਹਰਵੰਤ ਸਿੰਘ ਨੇ ਕੇਂਦਰੀ ਮੰਤਰੀ ਅਰਜਨ ਮੇਘਵਾਲ ਨਾਲ ਸੰਪਰਕ ਕਰ ਕੇ ਉਕਤ ਅਧਿਕਾਰੀਆਂ ਨੂੰ ਗੁੰਡਿਆਂ ਦੇ ਚੁੰਗਲ 'ਚੋਂ ਛੁਡਾਇਆ। ਬੀਤੀ ਦੇਰ ਰਾਤ ਕਰੀਬ 10 ਵਜੇ ਹੋਏ ਤਕਰਾਰ ਤੋਂ ਬਾਅਦ ਅੱਧੀ ਰਾਤ 1 ਵਜੇ ਦੇ ਕਰੀਬ ਬੱਸਾਂ ਉੱਥੋਂ ਪੰਜਾਬ ਲਈ ਰਵਾਨਾ ਹੋਈਆਂ। ਉਨਾ ਦੱਸਿਆ ਕਿ ਜੇਕਰ ਮੌਕੇ 'ਤੇ ਕਿਸੇ ਮੰਤਰੀ ਨਾਲ ਸੰਪਰਕ ਨਾ ਹੁੰਦਾ ਤਾਂ ਗੁੰਡਾ ਅਨਸਰਾਂ ਵਲੋਂ ਭਾਰੀ ਜਾਨੀ ਮਾਲੀ ਨੁਕਸਾਨ ਨੂੰ ਅੰਜਾਮ ਦਿੱਤਾ ਜਾ ਸਕਦਾ ਸੀ।