ਭਵਾਨੀਗੜ : ਨੇੜਲੇ ਪਿੰਡ ਸੰਘਰੇੜੀ ਦੇ ਦੋ ਨੌਜਵਾਨ ਵਿਅਕਤੀਆਂ ਵਲੋਂ ਨਸ਼ਾ ਨਾ ਮਿਲਣ ਅਤੇ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲੈਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਚੌਕੀ ਘਰਾਚੋਂ ਦੇ ਇੰਚਾਰਜ ਰਾਜਵੰਤ ਕੁਮਾਰ ਨੇ ਦੱਸਿਆ ਕਿ ਰੋਹੀ ਸਿੰਘ ਵਾਸੀ ਸੰਘਰੇੜੀ ਨੇ ਪੁਲੀਸ ਕੋਲ ਲਿਖਤੀ ਬਿਆਨ ਲਿਖਵਾਏ ਕਿ ਉਸ ਦਾ ਪੁੱਤਰ ਅਮਨਦੀਪ ਸਿੰਘ ਲਾਕਡਾਊਨ ਦੌਰਾਨ ਨਸ਼ਾ ਨਾ ਮਿਲਣ ਕਾਰਨ ਕੋਈ ਜਹਿਰੀਲੀ ਚੀਜ ਨਿਗਲ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲੀਸ ਨੇ ਉਕਤ ਬਿਆਨ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਕੇ ਅੱਜ ਲਾਸ਼ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ। ਇਸਤੋਂ ਇਲਾਵਾ ਨਿਰਮਲ ਸਿੰਘ ਵਾਸੀ ਪਿੰਡ ਸੰਘਰੇੜੀ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਸਦਾ ਪਰਿਵਾਰ ਆਮ ਕਿਸਾਨੀ ਨਾਲ ਸਬੰਧਤ ਹੋਣ ਕਾਰਨ ਪਰਿਵਾਰ ਉੱਤੇ ਕਰਜਾ ਚੜਿਆ ਹੋਇਆ ਸੀ। ਉਸ ਦਾ ਪੁੱਤਰ ਨਵਦੀਪ ਸਿੰਘ (20) ਪਰਿਵਾਰ ਉਤੇ ਕਰਜਾ ਚੜਨ ਅਤੇ ਸਰੀਰਕ ਬੀਮਾਰੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਅੱਜ ਬਾਅਦ ਦੁਪਹਿਰ ਘਰ ਵਿਚ ਹੀ ਚੁਬਾਰੇ ਦੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਰਾਜਵੰਤ ਕੁਮਾਰ ਨੇ ਉਕਤ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।