ਚੰਡੀਗੜ੍ਹ ਪੁਲੀਸ ਨੇ ਉਸ ਹੋਟਲ ਤੋਂ ਤਿੰਨ ਸੱਟੇਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿੱਥੇ ਆਈਪੀਐਲ ਟੀਮ ਦੇ ਖਿਡਾਰੀ ਠਹਿਰੇ ਹੋਏ ਹਨ।ਇਸ ਕਾਰਨ ਟੀਮ ਦੇ ਖਿਡਾਰੀਆਂ ਦੀ ਸੁਰੱਖਿਆ ਅਤੇ ਹੋਟਲ ਪ੍ਰਬੰਧਨ ਦੀ ਸਾਵਧਾਨੀ 'ਤੇ ਸਵਾਲ ਖੜ੍ਹੇ ਹੋ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਾਮਲਾ ਵੀਰਵਾਰ ਰਾਤ ਨੂੰ ਆਈਟੀ ਪਾਰਕ ਦੇ ਉਸੇ ਹੋਟਲ ਨਾਲ ਸਬੰਧਤ ਹੈ, ਜਿੱਥੇ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਅਤੇ ਕਈ ਹੋਰ ਮਸ਼ਹੂਰ ਖਿਡਾਰੀ ਠਹਿਰੇ ਹੋਏ ਸਨ।
ਚੰਡੀਗੜ੍ਹ ਪੁਲੀਸ ਨੂੰ ਸੂਹ ਮਿਲੀ ਸੀ ਕਿ ਕੁਝ ਸੱਟੇਬਾਜ਼ਾਂ ਨੇ ਆਪਣੀ ਖੇਡ ਖੇਡਣ ਦੇ ਮਕਸਦ ਨਾਲ ਉਸੇ ਹੋਟਲ ਵਿੱਚ ਕਮਰੇ ਬੁੱਕ ਕਰਵਾ ਲਏ।ਗੁਪਤ ਸੂਚਨਾ ਦੇ ਆਧਾਰ 'ਤੇ ਆਈਟੀ ਪਾਰਕ ਥਾਣੇ ਦੇ ਐੱਸਐੱਚਓ ਇੰਸਪੈਕਟਰ ਰੋਹਤਾਸ਼ ਯਾਦਵ ਨੇ ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਤੁਰੰਤ ਪੁਲਸ ਟੀਮ ਸਮੇਤ ਰਾਤ 10.30 ਵਜੇ ਹੋਟਲ 'ਤੇ ਛਾਪਾ ਮਾਰ ਕੇ 3 ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ (33) ਵਾਸੀ ਰੌਇਲ ਅਸਟੇਟ ਸੁਸਾਇਟੀ ਜ਼ੀਰਕਪੁਰ, ਮੋਹਿਤ ਭਾਰਦਵਾਜ (33) ਵਾਸੀ ਸੈਕਟਰ-26 ਬਾਪੂਧਾਮ ਕਲੋਨੀ ਅਤੇ ਨਵੀਨ ਕੁਮਾਰ ਵਾਸੀ ਝੱਜਰ ਜ਼ਿਲ੍ਹਾ ਬਹਾਦਰਗੜ੍ਹ ਜ਼ਿਲ੍ਹਾ ਹਰਿਆਣਾ ਵਜੋਂ ਹੋਈ ਹੈ।
ਪੁਲੀਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਮੁਢਲੀ ਪੁੱਛਗਿੱਛ ਵਿੱਚ ਪੁਲਿਸ ਥਾਣਾ ਆਈ.ਟੀ.ਪਾਰਕ ਨੂੰ ਮੁਲਜ਼ਮਾਂ ਕੋਲ ਪੁਰਾਣੀ ਹਿਸਟਰੀ ਅਨੁਸਾਰ ਹਥਿਆਰ ਹੋਣ ਦਾ ਸ਼ੱਕ ਹੋਇਆ। ਇਸ ਕਾਰਨ ਮੁਲਜ਼ਮਾਂ ਦੇ ਕਮਰਿਆਂ ਸਮੇਤ ਹੋਟਲ ਦੀ ਤਲਾਸ਼ੀ ਲਈ ਗਈ। ਇਸ 'ਚ ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਜਾਂ ਹੋਟਲ 'ਚੋਂ ਕੀ ਬਰਾਮਦ ਕੀਤਾ, ਇਸ ਦੀ ਜਾਣਕਾਰੀ ਫਿਲਹਾਲ ਜਨਤਕ ਨਹੀਂ ਕੀਤੀ ਗਈ ਹੈ। ਉਧਰ, ਪੁਲੀਸ ਨੇ ਤਲਾਸ਼ੀ ਦੌਰਾਨ ਮੁਲਜ਼ਮਾਂ ਦੀ ਬਰੇਜਾ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ।