ਮੋਗਾ : ਤੇਜ਼ ਰਫਤਾਰ ਕਾਰਨ ਅਨੇਕਾਂ ਹਾਦਸੇ ਵਾਪਰਦੇ ਹਨ ਜਿਸ ਵਿਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਇੱਕ ਹਾਦਸਾ ਮੋਗਾ ਵਿਖੇ ਵਾਪਰਿਆ ਜਿਥੇ ਇੱਕ ਤੇਜ਼ ਰਫਤਾਰ ਪਿਕਅੱਪ ਦੀ ਟੱਕਰ 'ਚ ਇਕ ਬਜ਼ੁਰਗ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ (65) ਵਾਸੀ ਪਿੰਡ ਰਣਸਿੰਘ ਕਲਾਂ ਵਜੋਂ ਹੋਈ ਹੈ। ਉਧਰ ਹਾਦਸੇ ਤੋਂ ਬਾਅਦ ਚਾਲਕ ਮੌਕੇ 'ਤੇ ਪਿਕਅੱਪ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਬਜ਼ੁਰਗ ਦੇ ਲੜਕੇ ਦੇ ਬਿਆਨਾਂ ’ਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਪਿਕਅੱਪ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਬਜ਼ੁਰਗ ਦੇ ਪੁੱਤਰ ਰਣਜੋਧ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਵੀਰਵਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ-ਰੇਹੜਾ ’ਤੇ ਮੋਗਾ ਸਬਜ਼ੀ ਮੰਡੀ ’ਚ ਸਬਜ਼ੀ ਖਰੀਦਣ ਗਿਆ ਸੀ। ਸਵੇਰੇ 9 ਵਜੇ ਜਦੋਂ ਸੁਖਜੀਤ ਸਿੰਘ ਰੇਹੜੇ ’ਤੇ ਸਬਜ਼ੀਆਂ ਲੈ ਕੇ ਵਾਪਸ ਪਿੰਡ ਆ ਰਿਹਾ ਸੀ ਤਾਂ ਮੋਗਾ-ਕੋਟਕਪੂਰਾ ਮੁੱਖ ਮਾਰਗ ’ਤੇ ਇੱਕ ਤੇਜ਼ ਰਫ਼ਤਾਰ ਪਿਕਅੱਪ (ਪੀ.ਬੀ.04ਵੀ 2066) ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਪਿੰਡ ਸੰਧੂਆਂ ਵਾਲਾ ਦੇ ਮੋੜ 'ਤੇ ਵਾਪਰਿਆ।
ਰਣਜੋਧ ਸਿੰਘ ਅਨੁਸਾਰ ਤੇਜ਼ ਰਫ਼ਤਾਰ ਪਿਕਅੱਪ ਦੀ ਟੱਕਰ ਕਾਰਨ ਉਸ ਦੇ ਪਿਤਾ ਸੁਖਜੀਤ ਸਿੰਘ ਦਾ ਮੋਟਰਸਾਈਕਲ-ਰੇਹੜਾ ਅੱਗੇ ਜਾ ਰਹੀ ਇੱਕ ਹੋਰ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਉਸ ਦੇ ਪਿਤਾ ਸੁਖਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੂਜੇ ਰੇਹੜੇ ’ਤੇ ਬੈਠਾ ਜਗਸੀਰ ਸਿੰਘ ਜ਼ਖ਼ਮੀ ਹੋ ਗਿਆ। ਜਗਸੀਰ ਸਿੰਘ ਮੋਗਾ ਦੇ ਪਿੰਡ ਤਾਰੇਵਾਲਾ ਦਾ ਰਹਿਣ ਵਾਲਾ ਹੈ।
ਪੁਲਿਸ ਨੇ ਸੁਖਜੀਤ ਸਿੰਘ ਦੀ ਲਾਸ਼ ਮੋਗਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।