ਬਰਨਾਲਾ: ਇਥੋਂ ਦੇ ਪਿੰਡ ਨੈਣੇਵਾਲ ਦੇ ਇੱਕ ਕਿਸਾਨ ਵਲੋਂ ਆੜ੍ਹਤੀ ਤੋਂ ਦੁਖੀ ਹੋ ਕੇ ਮੌਤ ਨੂੰ ਗਲੇ ਲਗਾ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਆੜ੍ਹਤੀਆ ਕਿਸਾਨ ਦੇ ਪੈਸੇ ਨਹੀਂ ਦੇ ਰਿਹਾ ਸੀ ਜਿਸ ਦੇ ਚੱਲਦਿਆਂ ਕਿਸਾਨ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲ਼ਈ। ਮ੍ਰਿਤਕ ਦੀ ਪਛਾਣ ਮ੍ਰਿਤਕ ਅਜਮੇਰ ਸਿੰਘ (71) ਵਜੋਂ ਹੋਈ ਹੈ। ਦੱਸ ਦੇਈਏ ਕਿ ਮ੍ਰਿਤਕ ਵਿਅਕਤੀ ਦੀ ਜੇਬ ’ਚੋਂ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ।
ਪੁਲਿਸ ਥਾਣਾ ਭਦੌੜ ਦੇ ਮੁਖੀ ਐਸਆਈ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਜਮੇਰ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸ ਦੇ ਪਤੀ ਅਜਮੇਰ ਸਿੰਘ ਦੀ ਲਗਭਗ 12 ਸਾਲ ਤੋਂ ਪਿੰਡ ਨੈਣੇਵਾਲ ਦੇ ਆੜ੍ਹਤੀ ਹਰਦੀਪ ਕੁਮਾਰ ਲਾਲੀ ਨਾਲ ਆੜਤ ਸੀ। ਆੜ੍ਹਤੀਏ ਤੋਂ ਅਸੀਂ 44 ਲੱਖ ਰੁਪਏ ਲੈਣੇ ਸਨ।
ਇਹ ਵੀ ਪੜ੍ਹੋ : DRI ਨੇ ਜ਼ਬਤ ਕੀਤਾ ਕਰੀਬ 51 ਕਰੋੜ ਰੁਪਏ ਦਾ ਸੋਨਾ
ਜਦੋਂ ਅਸੀਂ ਆੜ੍ਹਤੀਏ ਤੋਂ ਪੈਸਿਆਂ ਦੀ ਮੰਗ ਕਰਦੇ ਸੀ ਤਾਂ ਆੜਤੀਆ ਲਾਰੇ ਲੱਪੇ ਲਗਾ ਕੇ ਟਾਲ ਦਿੰਦਾ ਸੀ ਜਿਸ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਅੱਜ ਸਵੇਰੇ ਆੜ੍ਹਤੀਏ ਵੱਲੋਂ ਪੈਸੇ ਨਾ ਦੇਣ ਕਰਕੇ ਉਸ ਦੇ ਪਤੀ ਨੇ ਘਰ ਵਿੱਚ ਗਾਡਰ ਨਾਲ ਲਮਕ ਕੇ ਆਤਮ ਹੱਤਿਆ ਕਰ ਲਈ ਹੈ।
ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਆੜ੍ਹਤੀ ਹਰਦੀਪ ਕੁਮਾਰ ਲਾਲੀ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਅਜਮੇਰ ਸਿੰਘ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਜਿੰਨ੍ਹਾਂ ਚਿਰ ਆੜ੍ਹਤੀ ਖਿਲਾਫ਼ ਕਾਰਵਾਈ ਨਹੀਂ ਹੁੰਦੀ ਉਨ੍ਹਾਂ ਚਿਰ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅਜਮੇਰ ਸਿੰਘ ਨੇ ਖੁਦਕੁਸ਼ੀ ਨੋਟ ਵਿੱਚ ਹਰਦੀਪ ਕੁਮਾਰ ਉਰਫ਼ ਲਾਲੀ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ।