ਫ਼ਿਰੋਜਪੁਰ : ਮਖੂ ਦੇ ਨਜ਼ਦੀਕ ਪਿੰਡ ਖਡੂਰ ਵਿੱਚੋਂ ਮਿਲੇ ਪਾਕਿਸਤਾਨੀ ਮਾਰਕੇ ਵਾਲੇ ਦਸਤਾਨੇ ਜਾਂਚ ਦਾ ਵਿਸ਼ਾ ਹਨ। ਸ਼ਾਮ ਵੇਲੇ ਗਲੀ ਵਿੱਚ ਪਏ ਇਹਨਾਂ ਦਸਤਾਨਿਆ 'ਤੇ ਪੱਕੇ ਪ੍ਰਿੰਟ ਨਾਲ ਮਿਡਾਸ ਸੇਫ਼ਟੀ, ਇਨੋਵੇਸ਼ਨ ਸੇਫ਼ਟੀ ਸਲਯੂਸ਼ਨ (ਡਰਾਈਵਰ) ਮੇਡ ਇਨ ਪਾਕਿਸਤਾਨ 3601ਡੀਜੀ/ਐੱਮਐੱਸ-ਸੀਐੱਲ। ਜਦਕਿ ਪੈੱਨ ਨਾਲ ਇੱਕ ਪਾਸੇ ਐੱਸਐੱਚ/ਐੱਸਐੱਲ ਅਤੇ ਦੂਜੇ ਕੋਨੇ ਵਿੱਚ 31/12 ਅੰਕਿਤ ਕੀਤਾ ਹੋਇਆ ਸੀ। ਇਹ ਦਸਤਾਨੇ ਇਥੇ ਕਿਵੇਂ ਆਏ ਬਾਬਤ ਪੁੱਛੇ ਜਾਣ 'ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਪਾਕਿਸਤਾਨੀ ਦਸਤਾਨੇ ਵੇਖਣ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਿਸੇ ਵੀ ਪਿੰਡ ਵਾਸੀ ਨੇ ਡਰ ਦੇ ਮਾਰੇ ਇਹਨਾਂ ਦਸਤਾਨਿਆ ਨੂੰ ਹੱਥ ਨਹੀਂ ਲਗਾਇਆ। ਪਿੰਡ ਦੀ ਸਰਪੰਚ ਕਰਮਜੀਤ ਕੌਰ ਦੇ ਪਤੀ ਜਸਵੀਰ ਸਿੰਘ ਅਤੇ ਪੰਚ ਹਰਜਿੰਦਰ ਸਿੰਘ ਖਡੂਰ ਨੇ ਇਸ ਦੀ ਜਾਣਕਾਰੀ ਤਤਕਾਲ ਥਾਣਾ ਮੁਖੀ ਇੰਸਪੈਕਟਰ ਬਚਨ ਸਿੰਘ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦਸਤਾਨੇ ਵੇਖੇ ਅਤੇ ਕਾਰੋਨਾ ਵਾਇਰਸ ਦੀ ਦਹਿਸ਼ਤ ਕਾਰਣ ਸਿਹਤ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਐੱਸਐੱਮਓ ਕਸੋਆਣਾ ਡਾਕਟਰ ਬਲਕਾਰ ਸਿੰਘ ਦੀ ਹਦਾਇਤ 'ਤੇ ਸਿਹਤ ਵਿਭਾਗ ਦੀ ਟੀਮ ਨੇ ਦੋ ਘੰਟੇ ਬਾਅਦ ਮੌਕੇ 'ਤੇ ਪਹੁੰਚ ਕੇ ਦਸਤਾਨੇ ਜਾਂਚ ਲਈ ਭੇਜ ਦਿਤੇ। ਦੱਸਣਯੋਗ ਹੈ ਕਿ ਪਿੰਡ ਦੇ ਕਈ ਵਿਅਕਤੀ ਬਾਹਰਲੇ ਦੇਸ਼ਾਂ ਵਿੱਚ ਕੰਮ ਕਰਦੇ ਹਨ। ਹੋ ਸਕਦਾ ਹੈ ਉਹਨਾਂ ਵਿਚੋਂ ਹੀ ਕਿਸੇ ਨੇ ਵਿਦੇਸ਼ੋਂ ਨਾਲ ਲਿਆਂਦੇ ਇਹ ਦਸਤਾਨੇ ਕਰੋਨਾ ਦੀ ਦਹਿਸ਼ਤ ਕਾਰਨ ਬਾਹਰ ਸੁੱਟੇ ਹੋਣ। ਨਾਂ ਨਾ ਲਿਖੇ ਜਾਣ ਦੀ ਸ਼ਰਤ 'ਤੇ ਕੁਝ ਪਿੰਡ ਵਾਸੀਆਂ ਨੇ ਕਿਹਾ ਕਿ ਅਰਬ ਦੇਸ਼ਾਂ ਵਿਚ ਡਰਾਈਵਰਾਂ ਨੂੰ ਅਜਿਹੇ ਦਸਤਾਨੇ ਆਮ ਹੀ ਦਿਤੇ ਜਾਂਦੇ ਹਨ। ਇਸ ਲਈ ਇਹ ਮਾਮਲਾ ਡੂੰਘੀ ਜਾਂਚ ਦਾ ਵਿਸ਼ਾ ਹੈ। ਜਦਕਿ ਫਿਰੋਜਪੁਰ ਸਰਹੱਦੀ ਜਿਲ੍ਹਾ ਹੋਣ ਕਾਰਨ ਨਸ਼ੇ ਦੀ ਸਪਲਾਈ ਵੀ ਆਮ ਤੌਰ 'ਤੇ ਪਾਕਿਸਤਾਨ ਵੱਲੋਂ ਪਿਛਲੇ ਲੰਮੇ ਸਮੇ ਤੋਂ ਹੋ ਰਹੀ ਹੈ।