ਮੈਥਿਊ ਨੇ ਦਸਿਆ ਖ਼ੁਸ਼ ਰਹਿਣ ਦਾ ਭੇਤ
ਵਾਸ਼ਿੰਗਟਨ : ਦੁਨੀਆ ’ਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ, ਜਿਸ ਨੂੰ ਕੋਈ ਦੁੱਖ਼ ਜਾਂ ਤਕਲੀਫ਼ ਨਾ ਹੋਵੇ ਪਰ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਦੁਨੀਆ ’ਚ ਅਜਿਹਾ ਵੀ ਇਕ ਇਨਸਾਨ ਹੈ, ਜਿਸ ਨੂੰ ‘ਦੁਨੀਆ ਦਾ ਸਭ ਤੋਂ ਖੁਸ਼ ਇਨਸਾਨ’ ਮੰਨਿਆ ਜਾਂਦਾ ਹੈ। ਤਾਂ ਤੁਹਾਨੂੰ ਇਸ ਗੱਲ ’ਤੇ ਭਰੋਸਾ ਹੀ ਨਹੀਂ ਹੋਵੇਗਾ ਕਿਉਂਕਿ ਹਰ ਕਿਸੇ ਦੀ ਜ਼ਿੰਦਗੀ ਵਿਚ ਕੁਝ ਨਾ ਕੁਝ ਉਲਝਣ ਬਣੀ ਹੀ ਰਹਿੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦੁਨੀਆ ਦਾ ਸਭ ਤੋਂ ਖ਼ੁਸ਼ ਇਨਸਾਨ ਮੰਨਿਆ ਜਾਂਦਾ ਹੈ, ਦਰਅਸਲ ਅਸੀਂ ਗੱਲ ਕਰ ਰਹੇ ਹਾਂ ਮੈਥਿਊ ਰਿਚਰਡ ਬਾਰੇ। ਮੈਥਿਊ ਰਿਚਰਡ ਦਾ ਜਨਮ ਫਰਾਂਸ ’ਚ ਹੋਇਆ ਸੀ।
ਉਹ ਇਕ ਬੌਧ ਭਿਕਸ਼ੂ ਸਨ। ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਹੱਸਮੁੱਖ ਇਨਸਾਨ ਹੋਣ ਦਾ ਦਰਜਾ ਪ੍ਰਾਪਤ ਹੈ। ਮੈਥਿਊ ਦਾ ਦਾਅਵਾ ਹੈ ਕਿ ਉਹ ਕਦੇ ਉਦਾਸ ਨਹੀਂ ਹੁੰਦੇ। ਹਾਲਾਂਕਿ ਇਹ ਸਿਰਫ ਉਨ੍ਹਾਂ ਦਾ ਦਾਅਵਾ ਨਹੀਂ ਹੈ, ਵਿਗਿਆਨੀਆਂ ਨੇ ਉਨ੍ਹਾਂ ’ਤੇ ਰਿਸਰਚ ਕੀਤੀ, ਜਿਸ ਤੋਂ ਇਹ ਪਤਾ ਲੱਗਾ ਹੈ ਕਿ ਉਹ ਦੁਖ਼ੀ ਨਹੀਂ ਹਨ। ਇਕ ਰਿਪੋਰਟ ਮੁਤਾਬਕ ਮੈਥਿਊ ਆਖਰੀ ਵਾਰ 1991 ’ਚ ਡਿਪ੍ਰੈੱਸ ਹੋਏ ਸਨ। ਸਾਲ 2016 ’ਚ ਸੰਯੁਕਤ ਰਾਸ਼ਟਰ ਨੇ ਆਪਣੀ ਹੈਪੀਨੈੱਸ ਇੰਡੈਕਸ ਰਿਪੋਰਟ ’ਚ ਮੈਥਿਊ ਨੂੰ ਦੁਨੀਆ ਦਾ ਸਭ ਤੋਂ ਖੁਸ਼ ਵਿਅਕਤੀ ਐਲਾਨ ਕੀਤਾ ਸੀ।
ਯੂਨੀਲੈਡ ਵੈੱਬਸਾਈਟ ਦੀ ਇਕ ਰਿਪੋਰਟ ਮੁਤਾਬਕ 76 ਸਾਲ ਦੇ ਮੈਥਿਊ ’ਤੇ ਅਮਰੀਕਾ ਦੀ ਵਿਸਕਾਨਸਿਨ ਯੂਨੀਵਰਸਿਟੀ ਦੇ ਨਿਊਰੋਸਾਇੰਟਿਸਟ ਨੇ ਖੋਜ ਕੀਤੀ ਸੀ। ਉਨ੍ਹਾਂ ਨੇ ਮੈਥਿਊ ਦੇ ਸਿਰ ’ਤੇ 256 ਸੈਂਸਰ ਲਗਾ ਦਿੱਤੇ, ਜਿਸ ’ਚ ਇਹ ਪਤਾ ਲੱਗਾ ਕਿ ਜਦੋਂ ਰਿਚਰਡ ਧਿਆਨ ਕਰਦੇ ਸਨ ਤਾਂ ਉਨ੍ਹਾਂ ਦੇ ਦਿਮਾਗ ’ਚ ਗਾਮਾ ਤਰੰਗਾਂ ਪੈਦਾ ਹੁੰਦੀਆਂ ਸਨ। ਇਹ ਗਾਮਾ ਤਰੰਗਾਂ ਧਿਆਨ, ਸਿੱਖਣ ਅਤੇ ਯਾਦਗਾਰ ਨਾਲ ਜੁੜੀਆਂ ਹਨ। ਖੋਜ ਵਿਚ ਇਹ ਵੀ ਪਾਇਆ ਗਿਆ ਕਿ ਉਨ੍ਹਾਂ ਨੇ ਦਿਮਾਗ ਦੀ ਬਿਆਨ ਪ੍ਰੀਫੰਟਲ ਕਾਂਟ੍ਰੇਕਸ ਸੱਜੇ ਹਿੱਸੇ ਦੀ ਤੁਲਨਾ ’ਚ ਜ਼ਿਆਦਾ ਸਰਗਰਮ ਸੀ। ਇਸ ਤੋਂ ਪਤਾ ਲੱਗਾ ਹੈ ਕਿ ਦਿਮਾਗ ਦਾ ਖੁਸ਼ ਰਹਿਣ ਵਾਲਾ ਹਿੱਸਾ ਜ਼ਿਆਦਾ ਸਰਗਰਮ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਧਿਆਨ ਰਾਹੀਂ ਆਪਣੇ ਮਨ ਨੂੰ ਜਗਾਇਆ ਹੈ। ਦੱਸ ਦੇਈਏ ਕਿ ਮੈਥਿਊ ਰਿਚਰਡ ਲੋਕਾਂ ਨੂੰ ਆਪਣੀ ਤਰ੍ਹਾਂ ਖੁਸ਼ ਰਹਿਣ ਦਾ ਰਾਜ਼ ਵੀ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਨ ਹਮੇਸ਼ਾ ਆਪਣੇ ਬਾਰੇ ਸੋਚਦਾ ਹੈ। ਉਦੋਂ ਉਹ ਪੂਰੀ ਦੁਨੀਆ ਨੂੰ ਆਪਣਾ ਦੁਸ਼ਮਣ ਮੰਨਦਾ ਹੈ ਅਤੇ ਉਨ੍ਹਾਂ ਨਾਲ ਮੁਕਾਬਲਾ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਵਿਅਕਤੀ ਸੁਖੀ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਬਾਰੇ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਦੂਸਰਿਆਂ ਬਾਰੇ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ।
ਮੈਥਿਊ ਦਾ ਕਹਿਣਾ ਹੈ ਕਿ ਜਦੋਂ ਵਿਅਕਤੀ ’ਚ ਪ੍ਰੇਮ ਦੀ ਭਾਵਨਾ, ਦੂਸਰਿਆਂ ਪ੍ਰਤੀ ਚਿੰਤਾ ਅਤੇ ਪਰਉਪਕਾਰ ਦੀ ਭਾਵਨਾ ਹੁੰਦੀ ਹੈ ਤਾਂ ਉਹ ਖ਼ੁਦ ਹੀ ਸੁਖੀ ਹੋਣ ਲੱਗਦਾ ਹੈ। ਉਨ੍ਹਾਂ ਨੇ ਆਪਣੇ ਇਕ ਲੈਕਚਰ ’ਚ ਕਿਹਾ ਸੀ ਕਿ ਜੇਕਰ ਲੋਕ ਰੋਜ਼ਾਨਾ 15 ਮਿੰਟ ਧਿਆਨ ਕਰਨ ਅਤੇ ਸੁੱਖ ਦੇਣ ਵਾਲੀਆਂ ਗੱਲਾਂ ’ਤੇ ਵਿਚਾਰ ਕਰਨ ਤਾਂ ਉਹ ਖੁਦ ਹੀ ਖੁਸ਼ੀ ਨਾਲ ਭਰ ਜਾਂਦੇ ਹਨ।