ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਵੀਰ ਬਾਲ ਦਿਵਸ ਮੌਕੇ ਰਾਸ਼ਟਰੀ ਰਾਜਧਾਨੀ ਵਿਚ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਮਾਗਮ ਵਿਚ ਸ਼ਾਮਲ ਹੋਣ ਦਾ ਸਨਮਾਨ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਅੱਜ ਮਨ ਕੀ ਬਾਤ ’ਚ ਕਿਹਾ, ‘26 ਦਸੰਬਰ ਨੂੰ ਪਹਿਲਾ ਵੀਰ ਬਾਲ ਦਿਵਸ ਹੈ ਤੇ ਮੈਨੂੰ ਨਵੀਂ ਦਿੱਲੀ ਵਿਚ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਮਾਗਮ ਵਿਚ ਸ਼ਾਮਲ ਹੋਣ ਦਾ ਸਨਮਾਨ ਮਿਲੇਗਾ।’ ਇਸ ਸਾਲ 9 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਵਜੋਂ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਮਨਾਇਆ ਜਾਵੇਗਾ।
ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਅੱਜ 96ਵਾਂ ਐਪੀਸੋਡ ਹੈ। 'ਮਨ ਕੀ ਬਾਤ' ਦੀ ਸ਼ੁਰੂਆਤ 'ਚ ਪੀਐੱਮ ਮੋਦੀ ਨੇ ਭਾਰਤ ਦੀ ਤਰੱਕੀ ਬਾਰੇ ਗੱਲ ਕੀਤੀ ਅਤੇ ਜੀ-20 ਗਰੁੱਪ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲਣ 'ਤੇ ਮਾਣ ਵੀ ਪ੍ਰਗਟਾਇਆ। ਪੀਐਮ ਨੇ ਕਿਹਾ, ਸਾਲ 2022 ਵਿੱਚ ਦੇਸ਼ ਦੇ ਲੋਕਾਂ ਦੀ ਤਾਕਤ, ਉਨ੍ਹਾਂ ਦਾ ਸਹਿਯੋਗ, ਉਨ੍ਹਾਂ ਦਾ ਦ੍ਰਿੜ ਇਰਾਦਾ, ਉਨ੍ਹਾਂ ਦੀ ਸਫਲਤਾ ਦਾ ਵਿਸਥਾਰ ਇੰਨਾ ਜ਼ਿਆਦਾ ਸੀ ਕਿ ਹਰ ਕਿਸੇ ਨੂੰ 'ਮਨ ਕੀ ਬਾਤ' ਵਿੱਚ ਸ਼ਾਮਲ ਕਰਨਾ ਮੁਸ਼ਕਲ ਹੋ ਜਾਵੇਗਾ। 2022 ਅਸਲ ਵਿੱਚ ਬਹੁਤ ਸਾਰੇ ਤਰੀਕਿਆਂ ਨਾਲ ਬਹੁਤ ਪ੍ਰੇਰਣਾਦਾਇਕ ਰਿਹਾ ਹੈ। ਇਸ ਸਾਲ ਭਾਰਤ ਨੇ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕੀਤੇ ਅਤੇ ਇਸ ਸਾਲ ਅੰਮ੍ਰਿਤਕਾਲ ਸ਼ੁਰੂ ਹੋਇਆ। ਇਸ ਸਾਲ ਦੇਸ਼ ਨੇ ਨਵੀਂ ਗਤੀ ਫੜੀ, ਸਾਰੇ ਦੇਸ਼ ਵਾਸੀਆਂ ਨੇ ਇਕ ਤੋਂ ਵਧ ਕੇ ਇਕ ਕੰਮ ਕੀਤਾ।