ਨਵੀਂ ਦਿੱਲੀ : ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਮੰਗਲਵਾਰ ਨੂੰ ਪ੍ਰਸਿੱਧ ਪੰਜਾਬੀ ਪਲੇਬੈਕ ਗਾਇਕਾ ਅਫਸਾਨਾ ਖਾਨ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਤਲਬ ਕੀਤਾ ਹੈ ਜੋ ਕਿ ਮ੍ਰਿਤਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਫ਼ੀ ਕਰੀਬ ਹੈ।
ਏਜੰਸੀ ਦੇ ਸੂਤਰਾਂ ਮੁਤਾਬਕ ਅਫ਼ਸਾਨਾ ਖਾਨ ਤੋਂ ਬੰਬੀਹਾ ਗੈਂਗ ਨਾਲ ਉਸ ਦੇ ਕਥਿਤ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ, ਜੋ ਬਿਸ਼ਨੋਈ ਗੈਂਗ ਦਾ ਕੱਟੜ ਵਿਰੋਧੀ ਸੀ।
ਬਿਸ਼ਨੋਈ ਗੈਂਗ 'ਤੇ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਬੰਬੀਹਾ ਗੈਂਗ ਦੇ ਨੇੜੇ ਸੀ। ਅਫ਼ਸਾਨਾ ਖਾਨ ਖਿਲਾਫ਼ ਕੀਤੀ ਜਾ ਰਹੀ ਜਾਂਚ NIA ਦੁਆਰਾ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਦੇ ਖਿਲਾਫ ਸ਼ੁਰੂ ਕੀਤੀ ਜਾ ਰਹੀ ਇੱਕ ਵੱਡੀ ਅਤੇ ਸਖਤ ਕਾਰਵਾਈ ਦਾ ਹਿੱਸਾ ਹੈ।
ਐਨਆਈਏ ਨੇ ਬਿਸ਼ਨੋਈ, ਬੰਬੀਹਾ ਅਤੇ ਰਿੰਦਾ ਗੈਂਗ ਦੇ ਮੈਂਬਰਾਂ ਸਮੇਤ ਕਈ ਲੋੜੀਂਦੇ ਗੈਂਗਸਟਰਾਂ ਵਿਰੁੱਧ ਛੇ ਤੋਂ ਵੱਧ ਕੇਸ ਦਰਜ ਕੀਤੇ ਹਨ ਅਤੇ ਉਨ੍ਹਾਂ ਦੇ ਸਬੰਧ ਵਿਚ ਦੇਸ਼ ਭਰ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਗਈ ਹੈ। ਇਸ ਏਜੰਸੀ ਨੇ ਪਿਛਲੇ ਹਫ਼ਤੇ ਚਾਰ ਰਾਜਾਂ ਵਿਚ ਸਥਿਤ 52 ਤੋਂ ਵੱਧ ਥਾਵਾਂ ਦੀ ਖੋਜ ਕੀਤੀ ਸੀ। ਇਸ ਤੋਂ ਪਹਿਲਾਂ 12 ਸਤੰਬਰ ਨੂੰ ਵੀ NIA ਨੇ 50 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ।