ਲੁਧਿਆਣਾ: ਨੌਜਵਾਨਾਂ ‘ਤੇ ਅੱਜਕਲ੍ਹ ਸਟੰਟ ਕਰਦਿਆਂ ਦੀਆਂ ਰੀਲਾਂ ਬਣਾਉਣ ਦਾ ਭੂਤ ਸਵਾਰ ਹੈ ਪਰ ਇਸ ਕਾਰਨ ਨੌਜਵਾਨਾਂ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ ਹਨ, ਫਿਰ ਇਸ ਤੋਂ ਸਬਕ ਨਹੀਂ ਲਿਆ ਜਾ ਰਿਹਾ।
ਅਜਿਹੀ ਹੀ ਇੱਕ ਘਟਨਾ ਲੁਧਿਆਣਾ ਜ਼ਿਲ੍ਹੇ ਵਿੱਚ ਵਾਪਰੀ ਹੈ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਰੇਲਗੱਡੀ ‘ਚ ਰੀਲ ਬਣਾਉਣ ਲਈ ਸਟੰਟ ਕਰ ਰਹੇ ਨੌਜਵਾਨ ਦੀ ਮੌਤ ਹੋ ਗਈ। ਵੀਡੀਓ ਉਸੇ ਦੌਰਾਨ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਲਵਾ ਐਕਸਪ੍ਰੈਸ ਰੇਲਗੱਡੀ ‘ਚ ਸਵਾਰ ਹੋਇਆ ਸੀ, ਜਿਸ ਨੇ ਦਿੱਲੀ ਜਾਣਾ ਸੀ। ਅਚਾਨਕ ਖੰਨਾ ਦੇ ਸਮਰਾਲਾ ਪੁਲ ਤੋਂ ਕੁਝ ਦੂਰੀ ‘ਤੇ ਉਕਤ ਨੌਜਵਾਨ ਟਰੇਨ ਦੇ ਦਰਵਾਜ਼ੇ ‘ਤੇ ਆ ਗਿਆ ਅਤੇ ਬਾਹਰ ਲਟਕ ਕੇ ਸਟੰਟ ਕਰਨ ਲੱਗਾ। ਦੂਜੇ ਦਰਵਾਜ਼ੇ ਕੋਲ ਖੜ੍ਹਾ ਨੌਜਵਾਨ ਉਸ ਦੀ ਵੀਡੀਓ ਬਣਾ ਰਿਹਾ ਸੀ ਪਰ ਇਸੇ ਦੌਰਾਨ ਹਾਦਸਾ ਵਾਪਰ ਗਿਆ।
ਕਰੀਬ 17 ਸੈਕੰਡ ਮਗਰੋਂ ਸਟੰਟ ਕਰ ਰਿਹਾ ਨੌਜਵਾਨ ਡਾਊਨ ਪੋਲ ‘ਤੇ ਜਾ ਲੱਗਾ। ਟ੍ਰੇਨ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਨੌਜਵਾਨ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਸ ਦਾ ਸਿਰ ਜ਼ਬਰਦਸਤ ਤਰੀਕੇ ਨਾਲ ਖੰਭੇ ਨਾਲ ਟਕਰਾ ਗਿਆ। ਨੌਜਵਾਨ ਦੀ ਲਾਸ਼ ਜ਼ਮੀਨ ਤੋਂ ਕਰੀਬ 3 ਤੋਂ 4 ਫੁੱਟ ਦੀ ਉਚਾਈ ਤੱਕ ਉਛਲ ਕੇ ਡਿੱਗੀ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੇਖ ਕੇ ਵੀਡੀਓ ਬਣਾਉਣ ਵਾਲਾ ਨੌਜਵਾਨ ਘਬਰਾ ਗਿਆ। ਉਸ ਨੇ ਬਾਕੀ ਸਵਾਰੀਆਂ ਨੂੰ ਦੱਸਿਆ, ਜਿਨ੍ਹਾਂ ਨੇ ਸਟੇਸ਼ਨ ਮਾਸਟਰ ਨੂੰ ਫੋਨ ਕਰਕੇ ਸੂਚਨਾ ਦਿੱਤੀ। ਥਾਣਾ ਖੰਨਾ ਦੇ ਜੀਆਰਪੀ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਪੁਲਿਸ ਨੂੰ ਲਾਸ਼ ਤੋਂ ਕੋਈ ਪਛਾਣ-ਪੱਤਰ, ਮੋਬਾਈਲ ਆਦਿ ਬਰਾਮਦ ਨਹੀਂ ਹੋਇਆ ਹੈ।
ਨੌਜਵਾਨ ਦੀ ਲਾਵਾਰਿਸ ਲਾਸ਼ ਨੂੰ ਖੰਨਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਪੁਲਿਸ ਮ੍ਰਿਤਕ ਦੀ ਪਛਾਣ ਦੀ ਉਡੀਕ ਕਰ ਰਹੀ ਹੈ। ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।