ਸ੍ਰੀ ਮੁਕਤਸਰ ਸਾਹਿਬ : ਬੀਤੀ ਰਾਤ ਪਿੰਡ ਚੱਕ ਦੂਹੇ ਵਾਲਾ ਵਿਖੇ ਇਕ ਨੌਜਵਾਨ ਵੱਲੋਂ ਖੁੱਦ ਨੂੰ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਕਿ ਚੜ੍ਹਤ ਸਿੰਘ ਪੁੱਤਰ ਗਾਗੜ ਸਿੰਘ ਬੀਤੇ ਕਰੀਬ 4-5 ਸਾਲ ਤੋਂ ਪਿੰਡ ਦੇ ਹੀ ਕਿਸਾਨ ਸਰਦੂਲ ਸਿੰਘ ਦੇ ਘਰ ਕੰਮ ਕਰ ਰਿਹਾ ਸੀ ਤੇ ਜਿਸ ਨੇ ਉਨ੍ਹਾਂ ਦੇ ਘਰ ਹੀ ਰਿਹਾਇਸ਼ ਰੱਖੀ ਹੋਈ ਸੀ। ਬੀਤੀ ਬੁੱਧਵਾਰ ਦੀ ਰਾਤ ਚੜ੍ਹਤ ਸਿੰਘ (25) ਨੇ ਉਕਤ ਜ਼ਿਮੀਦਾਰ ਦੇ ਘਰ ਭੇਦਭਰੇ ਹਾਲਾਤਾਂ 'ਚ ਖੁਦ ਨੂੰ ਫਾਂਸੀ ਲਗਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਦਾ ਪਤਾ ਸਵੇਰੇ ਤੜਕਸਾਰ ਉਠਣ ਸਮੇਂ ਲੱਗਿਆ। ਇਸ ਸਾਰੀ ਘਟਨਾ ਦੀ ਸੂਚਨਾ ਸਰਦੂਲ ਸਿੰਘ ਨੇ ਪਿੰਡ ਦੇ ਸਰਪੰਚ ਤੇ ਚੱਕ ਦੂਹੇ ਵਾਲਾ ਵਿਖੇ ਤੈਨਾਤ ਚੌਂਕੀ ਇੰਚਾਰਜ਼ ਨੂੰ ਦਿੱਤੀ। ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਚੜ੍ਹਤ ਸਿੰਘ ਦੀਆਂ 3 ਭੈਣਾ ਤੇ 2 ਭਰਾ ਹਨ, ਜੋ ਪਿੰਡ ਤੋਂ ਬਾਹਰ ਰਹਿੰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਚੱਕ ਦੂਹੇ ਵਾਲਾ ਦੇ ਇੰਚਾਰਜ਼ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਚੜ੍ਹਤ ਸਿੰਘ ਦੇ ਪਰਿਵਾਰਕ ਮੈਂਬਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।