ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਇਜਲਾਸ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਧਿਆਨ ਦਿਵਾਊ ਮਤੇ ਦੇ ਐਲਾਨ ਨਾਲ ਸ਼ੁਰੂ ਹੋਇਆ। ਵਿਧਾਇਕਾ ਨਰਿੰਦਰ ਕੌਰ ਭਾਰਜ ਨੇ ਸਦਨ ਦਾ ਧਿਆਨ ਸੂਬੇ ਦੇ ਫਾਇਰ ਸਟੇਸ਼ਨਾਂ ਵਿੱਚ ਸਟਾਫ਼ ਅਤੇ ਸਾਜ਼ੋ-ਸਾਮਾਨ ਦੀ ਘਾਟ ਵੱਲ ਦਿਵਾਇਆ।
ਇਸ ’ਤੇ ਮੰਤਰੀ ਕੈਬਨਿਟ ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸਰਕਾਰ ਨੇ 990 ਫਾਇਰਮੈਨਾਂ ਅਤੇ 336 ਡਰਾਈਵਰਾਂ ਦੀ ਆਸਾਮੀਆਂ ਭਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਜਰਮਨੀ ਤੋਂ ਟਰਨਟੇਬਲ ਵਾਹਨ ਖ਼ਰੀਦਣ ਦਾ ਆਰਡਰ ਦਿੱਤਾ ਹੈ। ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਲਾਲੜੂ ਵਿੱਚ ਇੱਕ ਟਰੇਨਿੰਗ ਸਕੂਲ ਲਈ ਜ਼ਮੀਨ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸੁੱਖੀ ਨੇ ਸੂਬੇ ਵਿੱਚ ਕੁੱਤਿਆਂ ਦਾ ਮੁੱਦਾ ਚੁੱਕਿਆ। ਇਸ ਦੇ ਜਵਾਬ ’ਚ ਮੰਤਰੀ ਨਿੱਜਰ ਨੇ ਕਿਹਾ ਕਿ ਇਹ ਸਮੱਸਿਆ ਸਰਕਾਰ ਲਈ ਵੱਡੀ ਚੁਣੌਤੀ ਹੈ ਅਤੇ ਇਸ ਦੇ ਹੱਲ ਲਈ ਸਾਂਝਾ ਪਲੈਟਫਾਰਮ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਚੀਨੀ ਵਾਇਰਸ ਨਾਲ ਨੁਕਸਾਨੀ ਝੋਨੇ ਦੀ ਫਸਲ ’ਤੇ ਮੁਆਵਜ਼ੇ ਬਾਰੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪੇਸ਼ ਨੋਟਿਸ ਦੇ ਜਵਾਬ ’ਚ ਮਾਲ ਅਤੇ ਜਲ ਸਰੋਤ ਮੰਤੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ, ‘‘ਮੈਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਗਿਰਦਾਵਰੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਮੀਂਹ ਜਾਂ ਵਾਇਰਸ ਕਾਰਨ ਮਾਰ ਝੱਲਣ ਵਾਲੇ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।’’