ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਤਾਇਨਾਤ ਐੱਸਆਈ ਦਿਲਬਾਗ ਸਿੰਘ ਦੀ ਗੱਡੀ ਹੇਠਾਂ 15.8.22 ਆਈਈਡੀ ਲਗਾਉਣ ਵਾਲੇ ਮੁੱਖ ਦੋਸ਼ੀ ਯੁਵਰਾਜ ਸੱਭਰਵਾਲ ਨੂੰ ਪਨਾਹ ਦੇਣ ਲਈ ਦੋਸ਼ੀ ਅਵੀ ਸੇਠੀ ਪੁੱਤਰ ਜਤਿੰਦਰ ਕੁਮਾਰ ਵਾਸੀ ਫਗਵਾੜਾ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਅਵੀ ਸੇਠੀ ਪੀ.ਐਸ.ਪੀ.ਸੀ.ਐਲ. ਵਿੱਚ ਠੇਕੇ ਦੇ ਅਧਾਰ ‘ਤੇ ਕੰਮ ਕਰ ਰਿਹਾ ਹੈ ਅਤੇ 1912 ‘ਤੇ ਸ਼ਿਕਾਇਤ ਕਾਲਾਂ ਦਾ ਅਟੈਂਡੈਂਟ ਹੈ। ਉਸ ਨੂੰ ਕੱਲ੍ਹ ਦੁੱਗਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਬੀਤੇ ਦਿਨੀਂ ਮੁਲਜ਼ਮ ਯੁਵਰਾਜ ਕੋਲੋਂ ਪੁਲਿਸ ਨੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਇਕ ਡੈਟੋਨੇਟਰ ਅਤੇ ਆਈਈਡੀ ਦਾ ਬੱਚਿਆ ਹੋਇਆ ਮਟੀਰੀਅਲ ਵੀ ਬਰਾਮਦ ਕੀਤਾ ਹੈ।
ਪੁੱਛਗਿਛ ਵਿਚ ਯੁਵਰਾਜ ਸੱਭਰਵਾਲ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਲਖਬੀਰ ਲੰਡਾ ਦੇ ਸੰਪਰਕ ਵਿਚ ਹੈ। ਇੱਥੇ ਪੰਜਾਬ ਵਿਚ ਲੰਡੇ ਦੇ ਬਹੁਤ ਸਾਰੇ ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤ ਹਨ।
ਗੈਂਗਸਟਰ ਲਖਬੀਰ ਲੰਡਾ ਆਪਣੇ ਕਰੀਬੀਆਂ ਨੂੰ ਗੈਂਗਸਟਰ ਬਣਾਉਣ ਅਤੇ ਬੰਬ ਧਮਾਕਿਆਂ ’ਚ ਵਰਤ ਰਿਹਾ ਹੈ। ਯੁਵਰਾਜ ਨੇ ਦੱਸਿਆ ਕਿ ਇਸ ਦੇ ਲਈ ਲੰਡਾ ਨੇ ਕਰੀਬ ਇਕ ਸਾਲ ਪਹਿਲਾਂ ਉਸ ਨੂੰ ਕਿਹਾ ਸੀ ਕਿ ਉਹ ਆਪਣੇ ਵਰਗੇ ਦੇਸ਼ ਖ਼ਿਲਾਫ਼ ਅਪਰਾਧਿਕ ਮਾਮਲਿਆਂ ’ਚ ਨਾਮਜ਼ਦ ਨੌਜਵਾਨਾਂ ਨੂੰ ਤਿਆਰ ਕਰੇ ਤਾਂ ਕਿ ਪਾਕਿਸਤਾਨ ਵਿਚ ਬੈਠੇ ਆਈਐੱਸਆਈ ਏਜੰਟ ਹਰਵਿੰਦਰ ਸਿੰਘ ਉਰਫ਼ ਰਿੰਦਾ ਸੰਧੂ ਦੇ ਇਸ਼ਾਰੇ ’ਤੇ ਇੱਥੇ ਆਈਈਡੀ ਭੇਜ ਕੇ ਪੁਲਿਸ ਅਫ਼ਸਰਾਂ ਅਤੇ ਸਿਆਸਤਦਾਨਾਂ ਦੀਆਂ ਗੱਡੀਆਂ ਵਿਚ ਬੰਬ ਫਿੱਟ ਕੀਤੇ ਜਾ ਸਕਣ।