ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਰੁਜ਼ਗਾਰ ਲਈ ਖੱਜਲ ਖੁਆਰ ਹੁੰਦੀ ਜਵਾਨੀ
ਮੁਹਾਲੀ : ਪਿਛਲੇ ਛੇ-ਸੱਤ ਸਾਲਾਂ ਤੋਂ ਤਿਆਰੀ ਕਰਦੇ ਪੰਜਾਬੀ ਸਟੈਨੋਗ੍ਰਾਫੀ ਦੇ ਵਿਦਿਆਰਥੀਆਂ ਨੂੰ ਆਪਣੀ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਉਣ ਲਈ ਅਧੀਨ ਸੇਵਾਵਾਂ ਚੋਣ ਬੋਰਡ ਅੱਗੇ ਨਿੱਤ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਬੋਰਡ ਵੱਲੋਂ ਪੰਜਾਬੀ ਸਟੈਨੋਗ੍ਰਾਫੀ ਦੇ ਇਸ਼ਤਿਹਾਰ ਤੋਂ ਬਾਅਦ ਆਈਆਂ ਅਸਾਮੀਆਂ ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੰਤੂ ਪੰਜਾਬੀ ਸਟੈਨੋਗ੍ਰਾਫੀ ਦੀ ਭਰਤੀ ਲਈ ਪੇਪਰ ਲੈਣ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਵਿਦਿਆਰਥੀ ਨਿੱਤ ਦਿਨ ਅਧੀਨ ਸੇਵਾਵਾਂ ਚੋਣ ਬੋਰਡ ਦੇ ਗੇੜੇ ਕੱਢਣ ਲਈ ਮਜਬੂਰ ਹਨ ਵਿਦਿਆਰਥੀਆਂ ਵੱਲੋਂ ਵਾਰ-ਵਾਰ ਪੁੱਛਣ ਤੇ ਵੀ ਬੋਰਡ ਅਧਿਕਾਰੀਆਂ ਵੱਲੋਂ ਪੇਪਰ ਸਬੰਧੀ ਕੋਈ ਪੱਕੀ ਸੂਚਨਾ ਨਹੀਂ ਦਿੱਤੀ ਜਾ ਰਹੀ ਸਿਰਫ ਲਾਰੇ ਲਗਾ ਕੇ ਵਿਦਿਆਰਥੀਆਂ ਨੂੰ ਮੋੜ ਦਿੱਤਾ ਜਾਂਦਾ ਹੈ।
ਪੰਜਾਬ ਸਰਕਾਰ ਦੇ ਵੱਖ ਵੱਖ ਅਦਾਰਿਆਂ ਜਿਵੇਂ ਕਿ ਭਾਸ਼ਾ ਵਿਭਾਗ, ਭਲਾਈ ਵਿਭਾਗ. ਸਰਕਾਰੀ ਆਈ.ਟੀ.ਆਈਜ਼. ਦੁਆਰਾ ਇਹ ਕੋਰਸ ਫਰੀ ਕਰਾਏ ਜਾਣ ਕਾਰਨ ਪੇਂਡੂ ਗਰੀਬ ਘਰਾਂ ਤੇ ਪਛੜੇ ਵਰਗਾਂ ਦੇ ਬੱਚੇ ਇਹ ਕੋਰਸ ਕਰਦੇ ਆ ਰਹੇ ਹਨ ਪਿਛਲੇ ਲੰਮੇ ਸਮੇਂ ਤੋਂ ਪੋਸਟਾਂ ਨਾ ਆਉਣ ਕਾਰਨ ਬੱਚੇ 6-7 ਸਾਲਾਂ ਤੋਂ ਤਿਆਰੀ ਕਰਦੇ ਆ ਰਹੇ ਹਨ ਬਹੁਤੇ ਵਿਦਿਆਰਥੀ ਆਪਣੀ ਉਮਰ ਸੀਮਾ ਹੱਦ ਨੂੰ ਛੂਹਣ ਕਾਰਨ ਆਪਣੇ ਭਵਿੱਖ ਪ੍ਰਤੀ ਚਿੰਤਤ ਹਨ ਕਿਉਂਕਿ ਉਨ੍ਹਾਂ ਦਾ ਆਉਣ ਵਾਲਾ ਸਾਰਾ ਭਵਿੱਖ ਇਸ ਭਰਤੀ ਤੇ ਨਿਰਭਰ ਕਰਦਾ ਹੈ।
ਸੀਮਤ ਮਾਲੀ ਸਾਧਨਾਂ ਦੇ ਹੁੰਦੇ ਹੋਏ ਬੜੀ ਮੁਸ਼ਕਿਲ ਤੇ ਜੱਦੋ-ਜਹਿਦ ਨਾਲ ਇਹ ਵਿਦਿਆਰਥੀ ਆਪਣੀ ਤਿਆਰੀ ਬਰਕਰਾਰ ਰੱਖਦੇ ਆ ਰਹੇ ਹਨ ਤੇ ਨਿੱਤ ਦਿਨ ਬੋਰਡ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਕੋਲ ਆਪਣੀ ਫਰਿਆਦ ਲੈ ਕੇ ਜਾ ਰਹੇ ਹਨ ਪ੍ਰੰਤੂ ਬਦਲੇ ਵਿੱਚ ਉਨ੍ਹਾਂ ਨੂੰ ਸਿਰਫ ਲਾਰੇ ਹੀ ਮਿਲਦੇ ਹਨ। ਸੋ ਬੋਰਡ ਅਧਿਕਾਰੀਆਂ ਤੇ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਇਨ੍ਹਾਂ ਮਜਬੂਰ ਤੇ ਨਿਆਸਰੇ ਵਿਦਿਆਰਥੀ ਨੌਜਵਾਨਾਂ ਦੀ ਬਾਹ ਫੜੀ ਜਾਵੇ ਤੇ ਜਲਦੀ ਤੋਂ ਜਲਦੀ ਪੰਜਾਬੀ ਸਟੈਨੋ ਟਾਈਪਿਸਟਾਂ ਦਾ ਪੇਪਰ ਲੈ ਕੇ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ।