ਗੋਆ : ਸੀਬੀਆਈ ਨੇ ਸੋਨਾਲੀ ਫੋਗਾਟ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਇੱਕ ਟੀਮ ਉੱਤਰੀ ਗੋਆ ਦੇ ਰਿਜ਼ੋਰਟ ਵਿੱਚ ਪਹੁੰਚੀ ਜਿੱਥੇ ਸੋਨਾਲੀ ਫੋਗਾਟ ਆਪਣੀ ਮੌਤ ਤੋਂ ਪਹਿਲਾਂ ਰੁਕੀ ਸੀ। ਇਸ ਟੀਮ ਵਿੱਚ ਫੋਰੈਂਸਿਕ ਮਾਹਿਰ ਵੀ ਸ਼ਾਮਲ ਹਨ।
ਸੀਬੀਆਈ ਦੀ ਟੀਮ ਉੱਤਰੀ ਗੋਆ ਦੇ ਅੰਜੁਨਾ ਬੀਚ 'ਤੇ ਸਥਿਤ ਰਿਜ਼ੋਰਟ 'ਤੇ ਪਹੁੰਚ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸੀਬੀਆਈ ਦੀ ਟੀਮ ਰਿਜ਼ੋਰਟ ਤੋਂ ਸਬੂਤ ਇਕੱਠੇ ਕਰੇਗੀ। ਇਸ ਤੋਂ ਪਹਿਲਾਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਸੀ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਬੇਨਤੀ ਕਰਨਗੇ। ਜ਼ਿਕਰਯੋਗ ਹੈ ਕਿ 12 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਨਾਲੀ ਫੋਗਾਟ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਹੁਕਮ ਦਿੱਤੇ ਸਨ।
ਇਸ ਤੋਂ ਬਾਅਦ 15 ਸਤੰਬਰ ਨੂੰ ਸੀਬੀਆਈ ਨੇ ਮਾਮਲੇ ਦੀ ਜਾਂਚ ਗੋਆ ਪੁਲਿਸ ਤੋਂ ਲੈ ਲਈ ਸੀ। ਕੇਂਦਰ ਸਰਕਾਰ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਸੀਬੀਆਈ ਨੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ। ਅਦਾਕਾਰਾ ਅਤੇ ਰਾਜਨੇਤਾ ਸੋਨਾਲੀ ਫੋਗਾਟ ਪਿਛਲੇ ਮਹੀਨੇ ਗੋਆ ਵਿੱਚ ਮ੍ਰਿਤਕ ਪਾਈ ਗਈ ਸੀ। ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਸੋਨਾਲੀ ਦੀ ਹੱਤਿਆ ਕੀਤੀ ਗਈ ਹੈ। ਪਰਿਵਾਰ ਦੇ ਦੋਸ਼ਾਂ ਤੋਂ ਬਾਅਦ ਗੋਆ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਸੋਨਾਲੀ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।