ਨਵੀਂ ਦਿੱਲੀ : ਭਾਰਤ ’ਚ ਚੀਤਿਆਂ ਨੂੰ ਲੁਪਤ ਐਲਾਨੇ ਜਾਣ ਦੇ 7 ਦਹਾਕਿਆਂ ਬਾਅਦ ਚੀਤਿਆਂ ਨੂੰ ਦੇਸ਼ ’ਚ ਫਿਰ ਤੋਂ ਪੁਨਰਵਾਸ ਪ੍ਰਾਜੈਕਟ ਦੇ ਹਿੱਸੇ ਵਜੋਂ ਨਾਮੀਬੀਆ ਤੋਂ 8 ਚੀਤਿਆਂ ਨੂੰ ਲੈ ਕੇ ਇਕ ਵਿਸ਼ੇਸ਼ ਕਾਰਗੋ ਜਹਾਜ਼ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ ਇੱਥੇ ਹਵਾਈ ਅੱਡੇ ਉਤਾਰਿਆ। ਕਾਰਗੋ ਬੋਇੰਗ ਜਹਾਜ਼ ਨੇ ਸ਼ੁੱਕਰਵਾਰ ਰਾਤ ਨੂੰ ਨਾਮੀਬੀਆ ਤੋਂ ਉਡਾਣ ਭਰੀ ਸੀ ਅਤੇ ਲੱਗਭਗ 10 ਘੰਟਿਆਂ ਦੇ ਸਫ਼ਰ ਦੌਰਾਨ ਚੀਤਿਆਂ ਨੂੰ ਲੱਕੜ ਦੇ ਬਣੇ ਵਿਸ਼ੇਸ਼ ਪਿੰਜਰਿਆਂ ਵਿੱਚ ਇੱਥੇ ਲਿਆਂਦਾ ਗਿਆ।
ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਸਵੇਰੇ 8 ਵਜੇ ਤੋਂ ਕੁਝ ਦੇਰ ਪਹਿਲਾਂ ਗਵਾਲੀਅਰ ਏਅਰਬੇਸ ’ਤੇ ਉਤਰਿਆ। ਚੀਤਿਆਂ ਨੂੰ ਹਵਾਈ ਫ਼ੌਜ ਦੇ ਹੈਲੀਕਾਪਟਰ ਰਾਹੀਂ 165 ਕਿਲੋਮੀਟਰ ਦੂਰ ਕੁਨੋ ਨੈਸ਼ਨਲ ਪਾਰਕ ਲਿਜਾਇਆ ਜਾਵੇਗਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਨਮ ਦਿਨ ਮੌਕੇ ਸਵੇਰੇ 10:45 ਵਜੇ ਇਨ੍ਹਾਂ ਵਿੱਚੋਂ ਤਿੰਨ ਚੀਤਿਆਂ ਨੂੰ ਉਨ੍ਹਾਂ ਲਈ ਬਣਾਏ ਗਏ ਵਿਸ਼ੇਸ਼ ਘੇਰੇ ਵਿਚ ਛੱਡਣਗੇ। ਇਕ ਅਧਿਕਾਰੀ ਨੇ ਦੱਸਿਆ ਕਿ ਸਫ਼ਰ ਦੌਰਾਨ ਚੀਤੇ ਬਿਨਾਂ ਭੋਜਨ ਦੇ ਰਹੇ ਅਤੇ ਉਨ੍ਹਾਂ ਨੂੰ ਘੇਰੇ ਵਿਚ ਛੱਡਣ ਤੋਂ ਬਾਅਦ ਖਾਣ ਲਈ ਕੁਝ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਕ ਵਿਚ ਇਕ ਮੰਚ ਬਣਾਇਆ ਗਿਆ ਹੈ, ਜਿਸ ’ਤੇ ਚੀਤਿਆਂ ਦੇ ਵਿਸ਼ੇਸ਼ ਪਿੰਜਰੇ ਰੱਖੇ ਜਾਣਗੇ ਅਤੇ ਮੋਦੀ ਇਕ ਲੀਵਰ ਚਲਾ ਕੇ ਉਨ੍ਹਾਂ ਵਿਚੋਂ ਤਿੰਨ ਨੂੰ ਇਕ ਬਾੜੇ ’ਚ ਛੱਡਣਗੇ। ਉਸ ਤੋਂ ਬਾਅਦ ਕੁਝ ਪਤਵੰਤੇ ਬਾਕੀ ਬਚੇ ਚੀਤਿਆਂ ਨੂੰ ਹੋਰ ਬਾੜਿਆਂ ’ਚ ਛੱਡਣਗੇ।