ਗੁਆਂਢੀ ਦੇਸ਼ਾਂ ਨਾਲ ਜ਼ਮੀਨੀ ਵਪਾਰ ਦੇ ਰਸਤੇ ਖੋਲ੍ਹਣ ਦੀ ਲੋੜ 'ਤੇ ਜ਼ੋਰ ਦਿੱਤਾ
ਨਵੀਂ ਦਿੱਲੀ ਵਿਖੇ ਹੋਈ ਵਪਾਰ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕੀਤਾ
ਚੰਡੀਗੜ੍ਹ, 13 ਸਤੰਬਰ : ਪੰਜਾਬ ਦੀਆਂ ਸਨਅਤੀ ਹਿਤੈਸ਼ੀ ਨੀਤੀਆਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦੇ ਹੋਏ, ਪੰਜਾਬ ਦੇ ਨਿਵੇਸ਼ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਪੰਜਾਬ ਲਈ ਵਿਸ਼ੇਸ਼ ਉਦਯੋਗਿਕ ਪੈਕੇਜ ਦੀ ਮੰਗ ਕੀਤੀ ਹੈ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿਖੇ ਹੋਈ ਵਪਾਰ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੈਡਮ ਮਾਨ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਪਾਕਿਸਤਾਨ, ਅਫਗਾਨਿਸਤਾਨ, ਈਰਾਨ ਅਤੇ ਇਰਾਕ ਨਾਲ ਪੁਰਾਣੇ ਜ਼ਮੀਨੀ ਵਪਾਰਕ ਰੂਟ ਖੋਲ੍ਹ ਕੇ ਦੂਰ ਕੀਤਾ ਜਾਵੇਗਾ। ਉਸਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਅਤੇ ਪੁਰਾਣੇ ਵਪਾਰਕ ਮਾਰਗਾਂ ਨੂੰ ਖੋਲ੍ਹਣਾ ਸਮੇਂ ਦੀ ਲੋੜ ਹੈ ਕਿਉਂਕਿ ਇਹ ਖੇਤਰ ਦੇ ਸਾਰੇ ਵਪਾਰੀਆਂ ਲਈ ਸੁਵਿਧਾਜਨਕ ਅਤੇ ਕਿਫਾਇਤੀ ਹੈ। ਇਸ ਤੋਂ ਇਲਾਵਾ, ਇਹ ਨਾਸ਼ਵਾਨ ਵਸਤੂਆਂ ਲਈ ਤੇਜ਼ੀ ਨਾਲ ਬਹੁਤ ਸਾਰੇ ਲੋੜੀਂਦੇ ਮਾਰਕੀਟਿੰਗ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਮੁੱਖ ਤੌਰ 'ਤੇ ਖੇਤੀ ਪ੍ਰਧਾਨ ਅਰਥਚਾਰਾ ਹੈ ਅਤੇ ਇਸਦੀ ਵੱਡੀ ਗਿਣਤੀ ਆਬਾਦੀ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ ਅਤੇ ਗੁਆਂਢੀ ਦੇਸ਼ਾਂ ਨਾਲ ਜ਼ਮੀਨੀ ਵਪਾਰ ਦੇ ਰਸਤੇ ਖੋਲ੍ਹਣ ਨਾਲ ਸਾਡੇ ਵਪਾਰਕ ਭਾਈਚਾਰਿਆਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ।
ਕੈਬਨਿਟ ਮੰਤਰੀ ਨੇ ਫ਼ਸਲਾਂ ਵਿੱਚ ਰਹਿੰਦ-ਖੂੰਹਦ ਨੂੰ ਦੂਰ ਕਰਨ ਲਈ ਹੱਲ ਕੱਢਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਸਾਡੀ ਬਾਸਮਤੀ ਦੀ ਫ਼ਸਲ ਯੂਰਪੀਅਨ ਅਤੇ ਹੋਰ ਮੰਡੀਆਂ ਵਿੱਚ ਮੁੜ ਹਾਵੀ ਹੋ ਸਕੇ। ਉਸਨੇ ਪੰਜਾਬ ਲਈ ਵੱਖ-ਵੱਖ ਢੁਕਵੇਂ ਵਿਸ਼ਿਆਂ ਜਿਵੇਂ ਕਿ ਭਾਰਤ ਸਰਕਾਰ ਤੋਂ ਵੱਖ-ਵੱਖ ਪ੍ਰਸਤਾਵਾਂ ਲਈ ਤੁਰੰਤ ਪ੍ਰਵਾਨਗੀਆਂ ਬਾਰੇ ਵੀ ਸੰਬੋਧਨ ਕੀਤਾ। ਸਨਅਤੀ ਸਨਅਤਾਂ ਦਾ ਰੈੱਡ ਕਾਰਪੇਟ 'ਤੇ ਸਵਾਗਤ ਕਰਦਿਆਂ ਮੈਡਮ ਮਾਨ ਨੇ ਕਿਹਾ ਕਿ ਸੜਕ, ਰੇਲਵੇ ਅਤੇ ਹਵਾਈ ਮਾਰਗਾਂ ਦੇ ਮਾਮਲੇ ਵਿੱਚ ਪੰਜਾਬ ਦੀ ਕਨੈਕਟੀਵਿਟੀ, ਬਿਨਾਂ ਕਿਸੇ ਨਿਵਾਸ ਪਾਬੰਦੀਆਂ ਦੇ ਦੋਸਤਾਨਾ ਕਿਰਤ ਸਬੰਧ ਅਤੇ ਨਿਰਵਿਘਨ ਬਿਜਲੀ ਸਪਲਾਈ ਉੱਦਮੀਆਂ ਲਈ ਪੰਜਾਬ ਵਿੱਚ ਆਪਣਾ ਕੰਮ ਸ਼ੁਰੂ ਕਰਨ ਲਈ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੀਆਂ ਸਰਲ ਸਿੰਗਲ ਵਿੰਡੋ ਪ੍ਰਣਾਲੀਆਂ ਅਤੇ ਸਮਾਂਬੱਧ ਪ੍ਰੋਤਸਾਹਨਾਂ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਉਦਾਰ ਅਤੇ ਉਦਯੋਗ ਪੱਖੀ ਮਾਹੌਲ ਸਿਰਜਣ ਵਿੱਚ ਸਮਰੱਥ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਅੱਜ ਪੰਜਾਬ ਦੇਸ਼ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਬਣ ਕੇ ਉਭਰਿਆ ਹੈ।
ਪੰਜਾਬ ਨਿਵੇਸ਼ ਪ੍ਰੋਤਸਾਹਨ ਮੰਤਰੀ ਨੇ ਫਾਜ਼ਿਲਕਾ ਦੇ ਕਿੰਨੂ ਉਤਪਾਦਕਾਂ ਲਈ ਰੇਲਵੇ ਵੱਲੋਂ ਲੌਜਿਸਟਿਕਸ ਸਹਾਇਤਾ 'ਤੇ ਜ਼ੋਰ ਦਿੱਤਾ। ਉਸਨੇ ਇਸ ਕਿਸਮ ਦੇ ਨਾਸ਼ਵਾਨ ਸਮਾਨ ਦੀ ਢੋਆ-ਢੁਆਈ ਲਈ ਵਿਸ਼ੇਸ਼ ਰੇਲਗੱਡੀ ਦੀ ਮੰਗ ਕੀਤੀ। ਉਸਨੇ ਫਲਾਂ ਅਤੇ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਮੋਮ ਦੀ ਦਰਾਮਦ ਕਰਨ ਦਾ ਸੱਦਾ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਬੈਠਕ ਦਾ ਉਦੇਸ਼ ਦੇਸ਼ ਦੇ ਨਿਰਯਾਤ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕਰਨਾ ਸੀ। ਇਹ ਬੋਰਡ ਵਿਦੇਸ਼ੀ ਵਪਾਰ ਨੀਤੀ 'ਤੇ ਇੱਕ ਸਲਾਹਕਾਰ ਸੰਸਥਾ ਹੈ।