ਚੰਡੀਗੜ੍ਹ, 12 ਸਤੰਬਰਃ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਦੇ ਲੋਕਾਂ ਨੂੰ ਹਰ ਸੁਵਿਧਾਵਾਂ ਅਤੇ ਸਾਫ਼-ਸੁਥਰਾ ਵਾਤਾਵਰਨ ਉਪਲਬਧ ਕਰਵਾਉਣ ਲਈ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ 201.41 ਲੱਖ ਰੁਪਏ ਦੀ ਲਾਗਤ ਨਾਲ ਐਸ.ਏ.ਐਸ. ਨਗਰ (ਮੁਹਾਲੀ) ਦੀਆਂ ਸੜਕਾਂ ਨੂੰ ਸੁੰਦਰ ਅਤੇ ਸਾਫ਼ ਸੁਥਰਾ ਬਣਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮੁਹਾਲੀ ਦੀਆਂ ਏ ਅਤੇ ਬੀ ਸੜਕਾਂ ਦੀ ਸਾਫ਼ ਸਫ਼ਾਈ ਕਰਨ ਲਈ ਜੋਨ-1 ਖੇਤਰ ਅਧੀਨ ਆਉਂਦੀਆਂ ਸੜਕਾਂ ਲਈ 46.24 ਲੱਖ ਰੁਪਏ, ਜੋਨ-2 ਖੇਤਰ ਦੀਆਂ ਸੜਕਾਂ ਲਈ 49.70 ਲੱਖ ਰੁਪਏ, ਇਸੇ ਤਰ੍ਹਾਂ ਜੋਨ-3 ਅਤੇ 4 ਖੇਤਰ ਅਧੀਨ ਆਉਂਦੀਆਂ ਏ ਅਤੇ ਬੀ ਸੜਕਾਂ ਲਈ 48.57 ਲੱਖ ਰੁਪਏ ਅਤੇ 42.80 ਲੱਖ ਰੁਪਏ ਦਾ ਖ਼ਰਚਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਪਿੰਡ ਸੋਹਾਣਾ, ਕੁੰਬੜਾ ਅਤੇ ਫੇਜ਼ 10 ਵਿਖੇ ਨਗਰ ਨਿਗਮ ਦੀ ਇਮਾਰਤ ਦੇ ਰਾਤਰੀ ਰਹਿਣ ਵਸੇਰੇ ਵਿਖੇ ਲਾਈਟਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ 14.10 ਲੱਖ ਰੁਪਏ ਖ਼ਰਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਕੰਮ ਕਰਨ ਲਈ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।