ਬਨੂੜ : ਥਾਣਾ ਬਨੂੜ ਦੀ ਪੁਲਸ ਨੇ ਪਤੀ ਨੂੰ ਆਸਟ੍ਰੇਲੀਆ ਲੈ ਕੇ ਜਾਣ ਦੇ ਚੱਕਰ ਵਿਚ 26 ਲੱਖ ਦੀ ਠੱਗੀ ਮਾਰਨ ਵਾਲੀ ਨੌਜਵਾਨ ਕੁੜੀ, ਉਸ ਦੇ ਮਾਤਾ-ਪਿਤਾ ਤੇ ਭਰਾ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਖੇੜਾ ਗੱਜੂ ਤੇ ਵਸਨੀਕ ਦਿਲਬਾਗ ਸਿੰਘ ਪੁੱਤਰ ਸ਼ੇਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਦੇ ਪੁੱਤਰ ਗੁਰਦੀਪ ਸਿੰਘ ਦਾ ਵਿਆਹ 14 ਅਪ੍ਰੈਲ 2018 ਨੂੰ ਰਮਨੀਤ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਪਿੰਡ ਕਿਸ਼ਨਪੁਰਾ ਗੰਢੂਆਂ ਥਾਣਾ ਬਸੀ ਪਠਾਣਾ ਜ਼ਿਲ੍ਹਾ ਫਤਿਹਗਡ਼੍ਹ ਸਾਹਿਬ ਨਾਲ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਰਮਨੀਤ ਕੌਰ ਨੇ ਆਈਲੈਟਸ ਪਾਸ ਕੀਤੀ ਹੋਈ ਸੀ ਅਤੇ ਉਹ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ। ਵਿਆਹ ਤੋਂ ਬਾਅਦ ਮੇਰੇ ਪੁੱਤਰ ਗੁਰਦੀਪ ਸਿੰਘ ਨੂੰ ਰਮਨੀਤ ਕੌਰ ਕਹਿਣ ਲੱਗੀ ਕਿ ਜੇਕਰ ਉਸ ਦਾ ਪਰਿਵਾਰ ਉਸ ’ਤੇ ਵਿਕਸਿਤ ਦੇਸ਼ ਜਾਣ ’ਤੇ ਪੈਸੇ ਖਰਚ ਕਰਦਾ ਹੈ ਤਾਂ ਉਹ ਆਸਟ੍ਰੇਲੀਆ ਚਲੀ ਜਾਵੇਗੀ ਅਤੇ ਉਥੇ ਜਾ ਕੇ ਉਸ ਨੂੰ ਵੀ ਆਸਟ੍ਰੇਲੀਆ ਬੁਲਾ ਲਵੇਗੀ। ਇਸ ਤੋਂ ਬਾਅਦ ਮੇਰੇ ਪੁੱਤਰ ਗੁਰਦੀਪ ਸਿੰਘ ਨੇ ਆਪਣੀ ਪਤਨੀ ਰਮਨੀਤ ਕੌਰ ਨੂੰ ਆਸਟ੍ਰੇਲੀਆ ਭੇਜਣ ’ਤੇ 26 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਅਤੇ ਉਹ ਵਿਦੇਸ਼ ਚਲੀ ਗਈ। ਉਸ ਦੇ ਵਿਦੇਸ਼ ਜਾਣ ਤੋਂ ਬਾਅਦ ਉਹ ਤਕਰੀਬਨ ਦੋ ਸਾਲ ਮੇਰੇ ਪੁੱਤਰ ਅਤੇ ਸਾਡੇ ਪਰਿਵਾਰ ਕੋਲ ਫੋਨ ਕਰਦੀ ਰਹੀ ਅਤੇ ਕਹਿੰਦੀ ਰਹੀ ਕਿ ਉਹ ਜਲਦੀ ਹੀ ਗੁਰਦੀਪ ਸਿੰਘ ਨੂੰ ਆਪਣੇ ਕੋਲ ਬੁਲਾ ਲਵੇਗੀ, ਜਿਸ ਦੇ ਉਸ ਨੇ ਕਾਗਜ਼ ਲਗਾਏ ਹੋਏ ਹਨ ਪਰ ਉਸ ਦੇ ਵਿਦੇਸ਼ ਜਾਣ ਤੋਂ ਦੋ ਸਾਲ ਬਾਅਦ ਅਗਸਤ 2020 ਨੂੰ ਰਮਨੀਤ ਕੌਰ ਨੇ ਉਸ ਦੇ ਪੁੱਤਰ ਨੂੰ ਫੋਨ ਕੀਤਾ ਕਿ ਉਹ ਉਸ ਨੂੰ ਪਸੰਦ ਨਹੀਂ ਕਰਦੀ ਅਤੇ ਨਾ ਹੀ ਉਹ ਉਸ ਨੂੰ ਆਪਣੇ ਕੋਲ ਆਸਟ੍ਰੇਲੀਆ ਬੁਲਾਏਗੀ।
ਇਸ ਘਟਨਾ ਤੋਂ ਬਾਅਦ ਸਾਡੇ ਪਰਿਵਾਰਕ ਮੈਬਰਾਂ ਨੇ ਰਮਨੀਤ ਕੌਰ ਦੇ ਪਿਤਾ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਅਵਤਾਰ ਸਿੰਘ ਵੀ ਕਹਿਣ ਲੱਗਾ ਕਿ ਉਸ ਦੀ ਪੁੱਤਰੀ ਉਨ੍ਹਾਂ ਦੇ ਲੜਕੇ ਨੂੰ ਨਾ ਤਾਂ ਬੁਲਾਏਗੀ ਤੇ ਨਾ ਹੀ ਉਹ ਇੱਥੇ ਵਾਪਸ ਆਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਵਨੀਤ ਕੌਰ ’ਤੇ ਵਿਦੇਸ਼ ਜਾਣ ’ਤੇ ਖਰਚੇ ਗਏ ਪੈਸੇ ਵਾਪਸ ਦੇਣ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਪੀੜਤ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਦੋ ਸਾਲ ਬੀਤ ਜਾਣ ’ਤੇ ਉਨ੍ਹਾਂ ਨੇ ਇਨਸਾਫ ਲਈ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਿੱਤੀ। ਇਸ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਬਨੂੜ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਬਾਰੇ ਜਦੋਂ ਜਾਂਚ ਅਧਿਕਾਰੀ ਏ. ਐੱਸ. ਆਈ. ਬਲਜਿੰਦਰ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਦਿਲਬਾਗ ਸਿੰਘ ਵਲੋਂ ਜੋ ਸਾਈਬਰ ਸੈੱਲ ਪਟਿਆਲਾ ਵਿਖੇ ਦਰਖਾਸਤ ਦਿੱਤੀ ਗਈ ਸੀ। ਉਸ ਦੇ ਆਧਾਰ ’ਤੇ ਦੋਸ਼ੀ ਰਮਨੀਤ ਕੌਰ ਪਤਨੀ ਗੁਰਦੀਪ ਸਿੰਘ, ਅਵਤਾਰ ਸਿੰਘ ਪੁੱਤਰ ਹਰਨੇਕ ਸਿੰਘ, ਚਰਨਜੀਤ ਕੌਰ ਪਤਨੀ ਅਵਤਾਰ ਸਿੰਘ ਤੇ ਗਗਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਕਿਸ਼ਨਪੁਰ ਗੰਢੂਆਂ ਥਾਣਾ ਬੱਸੀ ਪਠਾਣਾਂ ਖ਼ਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।