ਨਵੀਂ ਦਿੱਲੀ : ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਹੈ। ਲਾਕਡਾਊਨ ਕਾਰਨ ਟਰੇਨ, ਹਵਾਈ ਸਫਰ ਪੂਰੀ ਤਰ੍ਹਾਂ ਬੰਦ ਹੈ। 14 ਅਪ੍ਰੈਲ ਤਕ ਲਾਕਡਾਊਨ ਜਾਰੀ ਰਹੇਗਾ, ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦਰਮਿਆਨ ਰੇਲਵੇ ਬੋਰਡ ਨੇ ਕਿਹਾ ਕਿ ਟਰੇਨ ਸੇਵਾਵਾਂ ਨੂੰ ਬਹਾਲ ਕਰਨ ਸਬੰਧੀ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਇਸ 'ਤੇ ਫੈਸਲਾ ਕੁਝ ਹੀ ਦਿਨਾਂ 'ਚ ਲਿਆ ਜਾਵੇਗਾ। ਇਹ ਬਿਆਨ ਉਦੋਂ ਆਇਆ ਹੈ ਜਦੋਂ ਰੇਲਵੇ ਨੇ ਕੋਰੋਨਾ ਵਾਇਰਸ ਕਾਰਣ ਯਾਤਰੀ ਟੇਰਨਾਂ ਨੂੰ 21 ਦਿਨਾਂ ਤਕ ਮੁਲਤਵੀ ਕਰਨ ਤੋਂ ਬਾਅਦ 15 ਅਪ੍ਰੈਲ ਤੋਂ ਆਪਣੀਆਂ ਸਾਰੀਆਂ ਸੇਵਾਵਾਂ ਬਹਾਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੇਲਵੇ ਬੋਰਡ ਕੋਲੋਂ ਹਰ ਟਰੇਨ ਨੂੰ ਮਨਜ਼ੂਰੀ ਮਿਲਣ 'ਤੇ ਹੀ ਟਰੇਨ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ। ਰੇਲ ਮੰਤਰੀ ਪੀਊਸ਼ ਗੋਇਲ ਦੀ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਹਾਲਾਂਕਿ ਟਰੇਨ ਸੇਵਾਵਾਂ ਇਸ ਮੁੱਦੇ 'ਤੇ ਗਠਿਤ ਮੰਤਰੀ ਸਮੂਹ ਦੀ ਮਨਜ਼ੂਰੀ ਤੋਂ ਬਾਅਦ ਹੀ ਬਹਾਲ ਹੋਣਗੀਆਂ। ਰੇਲਵੇ, ਸਰਕਾਰ ਵਲੋਂ ਸੁਝਾਏ ਗਏ ਸਾਰੇ ਪ੍ਰੋਟੋਕਾਲ ਦੇ ਨਾਲ-ਨਾਲ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਵੀ ਕਰੇਗਾ। ਫਿਲਹਾਲ ਉਦੋਂ ਤਕ ਲਾਕਡਾਊਨ ਦਾ ਪਾਲਣ ਕਰਨਾ ਹਰ ਨਾਗਰਿਕ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਸਾਨੂੰ ਕੋਰੋਨਾ ਵਿਰੁੱਧ ਜੰਗ ਹਰ ਹਾਲ 'ਚ ਜਿੱਤਣੀ ਹੋਵੇਗੀ।